ਪਰਮਜੀਤ ਸਿੰਘ ਸਾਸਨ

ਇਸਲਾਮਾਬਾਦ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਤਿੰਨ ਤੇ ਚਾਰ ਸਟਾਰ ਹੋਟਲਾਂ ਨੂੰ ਕੁਆਰੰਟਾਈਨ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਜਾਵੇ। ਅਜਿਹਾ ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੌਮੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨਡੀਐੱਮਏ) ਨੇ ਸ਼ੱਕੀ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਕੁਆਰੰਟਾਈਨ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ। ਐੱਨਡੀਐੱਮਏ ਨੇ ਪਿਛਲੇ ਮਹੀਨੇ ਸਰਕਾਰ ਨੂੰ ਤਜਵੀਜ਼ ਪੇਸ਼ ਕੀਤੀ ਸੀ ਕਿ ਦੇਸ਼ ਵਿਚਲੇ ਸਾਰੇ ਹੋਟਲਾਂ ਨੂੰ ਕੁਆਰੰਟਾਈਨ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਜਾਵੇ। ਫੈਡਰਲ ਸਰਕਾਰ ਦੀ ਮਨਜ਼ੂਰੀ ਪਿੱਛੋਂ 16 ਅਤੇ 28 ਮਾਰਚ ਨੂੰ ਇਨ੍ਹਾਂ ਹੋਟਲਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਸ਼ੁੱਕਰਵਾਰ ਨੂੰ ਹੋਟਲ ਮਾਲਕਾਂ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਰ ਮਿਨਾਉੱਲ ਨੇ ਫ਼ੈਸਲਾ ਦਿੱਤਾ ਕਿ ਹੋਟਲਾਂ ਨੂੰ ਕੁਆਰੰਟਾਈਨ ਕੇਂਦਰਾਂ ਵਿਚ ਤਬਦੀਲ ਕਰਨ ਦਾ ਸਰਕਾਰ ਦਾ ਫ਼ੈਸਲਾ ਲੋਕ ਹਿੱਤ ਵਿਚ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਐੱਨਡੀਐੱਮਏ ਪਹਿਲਾਂ ਹੀ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਅਤੇ ਜਨਤਕ ਹਾਲਾਂ ਨੂੰ ਕੁਆਰੰਟਾਈਨ ਕੇਂਦਰ 'ਚ ਤਬਦੀਲ ਕਰ ਦਿੱਤਾ ਹੈ।

ਰਿਸ਼ਵਤ ਲੈਂਦੀ ਮਹਿਲਾ ਕਾਂਸਟੇਬਲ ਮੁਅੱਤਲ

ਇਕ ਮਹਿਲਾ ਕਾਂਸਟੇਬਲ ਨੂੰ ਦੁਕਾਨਦਾਰਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਕਰਾਚੀ ਦੇ ਬੱਚਤ ਬਾਜ਼ਾਰ ਨੂੰ ਲਾਕਡਾਊਨ ਤਹਿਤ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆਂ ਤੇ ਮਹਿਲਾ ਕਾਂਸਟੇਬਲ ਜਦੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਰਿਸ਼ਵਤ ਲੈ ਰਹੀ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਹਰਕਤ 'ਚ ਆਈ ਅਤੇ ਉਸ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ। ਐੱਸਐੱਸਪੀ ਫੈਜ਼ਲ ਅਬਦੁੱਲਾ ਚਾਚਰ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਕੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬੰਧਤ ਕੋਰੰਗੀ ਥਾਣੇ ਦੇ ਐੱਸਐੱਚਓ ਤੇ ਮੁਨਸ਼ੀ ਮੋਹਾਰਿਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਨਮਾਜ਼ੀਆਂ ਦੇ ਹਮਲੇ 'ਚ ਪੁਲਿਸ ਨੇ ਭੱਜ ਕੇ ਜਾਨ ਬਚਾਈ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਸੂਬਾ ਸਰਕਾਰ ਨੇ ਜੁੰਮੇ ਦੀ ਨਮਾਜ਼ 'ਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਸੀ। ਲਿਆਕਤਾਬਾਦ ਦੀ ਮਸਜਿਦ ਵਿਚ ਸਥਿਤੀ ਉਦੋਂ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਲੋਕਾਂ ਦੇ ਵੱਡੇ ਹਜ਼ੂਮ ਨੇ ਜਬਰੀ ਮਸਜਿਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕ ਭੜਕ ਗਏ ਤੇ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਭੜਕੇ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। ਇਹ ਘਟਨਾ ਲਿਆਕਤਾਬਾਦ ਪੁਲਿਸ ਸਟੇਸ਼ਨ ਹੇਠ ਆਉਂਦੀ ਮਸਜਿਦ 'ਚ ਵਾਪਰੀ। ਪੁਲਿਸ ਨੇ ਇਸ ਮਾਮਲੇ 'ਚ 250-270 ਲੋਕਾਂ 'ਤੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 147,148, 149,186, 188, 269, 324 ਅਤੇ 353 ਤਹਿਤ ਮਾਮਲਾ ਦਰਜ ਕਰ ਕੀਤਾ ਹੈ। ਇਸ ਦੇ ਨਾਲ ਹੀ ਅੱਤਵਾਦ ਰੋਕੂ ਐਕਟ ਦੀ ਧਾਰਾ 7 ਵੀ ਜੋੜ ਦਿੱਤੀ ਗਈ ਹੈ। ਦੋਸ਼ੀਆਂ 'ਚ ਮੌਲਵੀ ਰਹੀਮ ਦਾਦ ਕਾਦਰੀ, ਮਸਜਿਦ ਕਮੇਟੀ ਮੈਂਬਰ ਮੁਹੰਮਦ ਸਲਮਾਨ ਖਾਦਿਮ, ਮੁਹੰਮਦ ਨਾਜ਼ਮ, ਮੁਹੰਮਦ ਅਬਦੁੱਲਾ, ਕਾਮਰਾਨ ਕਾਦਰੀ ਅਤੇ ਹਾਮਿਦ ਅਟਾਰੀ ਨੂੰ ਸ਼ਾਮਲ ਕੀਤਾ ਗਿਆ ਹੈ।

ਅਦਾਕਾਰਾ ਆਦੀਆ ਜਮੀਲ ਨੂੰ ਬ੍ਰੈਸਟ ਕੈਂਸਰ

ਪਾਕਿਸਤਾਨੀ ਅਦਾਕਾਰਾ ਆਦੀਆ ਜਮੀਲ ਨੇ ਕਿਹਾ ਹੈ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ ਤੇ ਪਿਛਲੇ ਹਫ਼ਤੇ ਤੋਂ ਉਸ ਨੇ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਪਹਿਲੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਨ੍ਹਾਂ ਸਾਰੀਆਂ ਅੌਰਤਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ਼ ਹੈ ਤਾਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ। ਆਦੀਆ ਨੇ ਕਿਹਾ ਕਿ ਉਹ ਆਪ੍ਰਰੇਸ਼ਨ ਲਈ ਤਰੀਕ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੇ ਦੱਸਿਆ ਕਿ ਮੈਂ ਇਸ ਬਿਮਾਰੀ ਤੋਂ ਘਬਰਾਈ ਨਹੀਂ ਤੇ ਆਪਣੀ ਮੁਸਕਾਨ ਜਾਰੀ ਰੱਖੀ ਹੈ। ਆਦੀਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਟਵਿੱਟਰ 'ਤੇ ਪਹਿਲਾਂ ਜਿੰਨੀ ਸਰਗਰਮ ਨਹੀਂ ਹੈ। ਨਾਦੀਆ ਉਨ੍ਹਾਂ ਪਾਕਿਸਤਾਨੀ ਅਦਾਕਾਰਾਂ ਵਿੱਚੋਂ ਇਕ ਹੈ ਜੋ ਐਪ ਦੀ ਜ਼ਿਆਦਾ ਵਰਤੋਂ ਕਰਦੇ ਹਨ। ਉਹ ਰੋਜ਼ਾਨਾ ਆਪਣੇ ਪ੍ਰਸ਼ੰਸਕਾਂ ਲਈ ਪੋਸਟ ਪਾ ਕੇ ਉਸ ਨੂੰ ਅਪਡੇਟ ਕਰਦੀ ਰਹਿੰਦੀ ਹੈ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਦੌਰਾਨ ਉਹ ਆਉਂਦੇ ਦਿਨਾਂ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਰੋਜ਼ਾਨਾ ਜਵਾਬ ਨਹੀਂ ਦੇ ਸਕੇਗੀ।