ਕਰਾਚੀ (ਏਜੰਸੀ) : ਭਾਰਤਵੰਸ਼ੀ ਪਾਕਿਸਤਾਨੀ ਸਿਆਸਤਦਾਨ ਤੇ ਮਨੁੱਖੀ ਅਧਿਕਾਰ ਵਰਕਰ ਬੀਐੱਮ ਕੁੱਟੀ ਦਾ ਐਤਵਾਰ ਨੂੰ ਕਰਾਚੀ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕੁੱਟੀ ਦੀ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਭਾਰਤ-ਪਾਕਿਸਤਾਨ ਦੇ ਚੰਗੇ ਰਿਸ਼ਤਿਆਂ ਦੀ ਪੈਰਵੀ ਕੀਤੀ।

ਕੁੱਟੀ 19 ਸਾਲ ਦੀ ਉਮਰ 'ਚ 1949 'ਚ ਪਾਕਿਸਤਾਨ ਚਲੇ ਗਏ ਸਨ। ਪੱਤਰਕਾਰ ਤੇ ਮਨੁੱਖੀ ਅਧਿਕਾਰ ਵਰਕਰ ਐੱਮ. ਸਰਮਦ ਨੇ ਕਿਹਾ ਕਿ ਕੁੱਟੀ ਨੇ ਪੂਰੀ ਜ਼ਿੰਦਗੀ ਨਾਗਰਿਕ ਤੇ ਮਨੁੱਖੀ ਅਧਿਕਾਰ ਦੀ ਲੜਾਈ ਲੜੀ। ਉਨ੍ਹਾਂ ਪਤਨੀ ਬਿਰਜਿਸ ਸਿੱਦੀਕੀ ਦੀ ਸਾਲ 2010 'ਚ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਚਾਰ ਬੱਚੇ ਹਨ। ਕੁੱਟੀ ਪਾਕਿਸਤਾਨ ਪੀਸ ਕੋਈਲੇਸ਼ਨ ਗਰੁੱਪ ਦੇ ਜਨਰਲ ਸਕੱਤਰ ਸਨ। ਇਹ ਸਮੂਹ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਸਥਾਪਨਾ ਲਈ ਵਰਕਰ ਹਨ। ਉਹ ਇਕ ਜਮਾਨੇ 'ਚ ਬਲੂਚਿਸਤਾਨ ਸੂਬੇ ਦੇ ਗਵਰਨਰ ਦੇ ਸਹਾਇਕ ਤੇ ਸਿਆਸੀ ਸਕੱਤਰ ਵੀ ਰਹੇ। ਉਨ੍ਹਾਂ ਦੇ ਦੇਹਾਂਤ 'ਤੇ ਪ੍ਰਮੁੱਖ ਹਸਤੀਆਂ ਨੇ ਸ਼ੋਕ ਪ੍ਰਗਟਾਇਆ ਹੈ।

ਕੇਰਲ ਦੇ ਮੱਲਪੁਰਮ ਜ਼ਿਲ੍ਹਾ ਨਿਵਾਸੀ ਕੁੱਟੀ ਨੇ ਕੇਰਲ 'ਚ ਸਾਲ 1946 'ਚ ਮੁਸਲਿਮ ਸਟੂਡੈਂਟ ਫੈਡਰੇਸ਼ਨ ਤੋਂ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੇਨਈ ਸਥਿਤ ਮੁਹੰਮਦਨ ਕਾਲਜ 'ਚ ਚਾਰ ਸਾਲਾਂ ਤਕ ਵਿਗਿਆਨ ਦੀ ਪੜ੍ਹਾਈ ਵੀ ਕੀਤੀ।