ਇਸਲਾਮਾਬਾਦ, ਪ੍ਰੇਟ : ਪਾਕਿਸਤਾਨ ਬੇਸ਼ੱਕ ਗਰੀਬ ਦੇਸ਼ਾਂ ਦੀ ਸ਼੍ਰੇਣੀ 'ਚ ਆਉਂਦਾ ਹੋਵੇ ਪਰ ਇੱਥੋਂ ਦੇ ਆਗੂ ਸੰਪੱਤੀ ਦੇ ਮਾਮਲੇ 'ਚ ਮਾਲਾਮਾਲ ਹਨ। 342 ਮੈਂਬਰ ਨੈਸ਼ਨਲ ਅਸੈਂਬਲੀ 'ਚ 12 ਮੈਂਬਰ ਅਰਬਪਤੀ ਹਨ। ਹੋਰ ਮੈਂਬਰ ਵੀ ਸੰਪੱਤੀ ਦੇ ਮਾਮਲੇ 'ਚ ਕਰੋੜਪਤੀ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਦੇਸ਼-ਵਿਦੇਸ਼ 'ਚ ਜ਼ਮੀਨਾਂ ਦੇ ਨਾਲ ਹੀ ਸ਼ੇਅਰ ਮਾਰਕੀਟ 'ਚ ਚੰਗਾ ਨਿਵੇਸ਼ ਹੈ।

ਡਾਨ ਨਿਊਜ਼ ਦੇ ਚੋਣ ਕਮਿਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਅਰਬਪਤੀ 12 ਸੰਸਦ ਮੈਂਬਰਾਂ 'ਚ ਪੰਜ ਇਮਰਾਨ ਦੀ ਪਾਰਟੀ ਤਹਰੀਕ ਏ ਇਨਸਾਫ਼ (ਪੀਟੀਆਈ) ਦੇ ਹੋਰ ਦੋ ਉਨ੍ਹਾਂ ਦੀ ਸਹਿਯੋਗੀ ਪਾਰਟੀ ਦੇ ਹਨ।

ਤਿੰਨ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐੱਮਐੱਲ-ਐੱਨ) ਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਹਨ। ਉਨ੍ਹਾਂ ਨੇ 80 ਕਰੋੜ ਦੀ ਸੰਪੱਤੀ ਦਾ ਐਲਾਨ ਕੀਤਾ ਹੈ। ਇਸ 'ਚ ਉਨ੍ਹਾਂ ਦਾ ਬਨੀ ਗਲਾ ਦਾ ਸ਼ਾਨਦਾਰ ਬੰਗਲਾ ਸ਼ਾਮਲ ਨਹੀਂ ਹੈ। ਉਨ੍ਹਾਂ ਦੀ ਲਾਹੌਰ 'ਚ ਛੇ ਸੌ ਏਕੜ ਜ਼ਮੀਨ ਵੀ ਹੈ। ਦੋ ਹੋਰ ਸੰਪੱਤੀਆਂ ਦਾ ਉਨ੍ਹਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਹੈ। ਅਰਬਪਤੀ ਦੀ ਸੂਚੀ 'ਚ ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਵੀ ਸ਼ਾਮਲ ਹੈ। ਇਨ੍ਹਾਂ ਦੀਆਂ ਕਈ ਕੰਪਨੀਆਂ ਤੇ ਬੰਗਲੇ ਵੀ ਵਿਦੇਸ਼ 'ਚ ਹਨ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੀ ਇਕ ਹਜ਼ਾਰ ਏਕੜ ਜ਼ਮੀਨ ਦੇ ਨਾਲ ਹੀ ਦੁਬਈ 'ਚ ਫਲੈਟ ਵੀ ਹੈ।

ਇਸ ਤੋਂ ਇਲਾਵਾ ਹੋਰ ਕਈ ਵੱਡੇ ਨੇਤਾਵਾਂ ਦੇ ਵਿਦੇਸ਼ਾਂ 'ਚ ਬੰਗਲੇ ਤੇ ਫਲੈਟ ਹਨ।

Posted By: Ravneet Kaur