ਲਾਹੌਰ (ਪੀਟੀਆਈ) : ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਜੇਲ੍ਹ 'ਚ ਬੰਦ ਸਾਬਕਾ ਪ੍ਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਣਾਅ ਦੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਧਾਨ ਸ਼ਾਹਬਾਜ਼ ਸ਼ਰੀਫ਼ ਤਿੰਨ ਵਾਰ ਪਾਕਿਸਤਾਨ ਦੇ ਪ੍ਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ। 1999 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਕਾਰਗਿਲ ਜੰਗ ਸਮੇਂ ਨਵਾਜ਼ ਹੀ ਪਾਕਿਸਤਾਨ ਦੇ ਪ੍ਧਾਨ ਮੰਤਰੀ ਸਨ।

ਨਵਾਜ਼ ਸ਼ਰੀਫ਼ (69) ਇਸ ਸਮੇਂ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਕੋਟ ਲੱਖਪਤ ਜੇਲ੍ਹ 'ਚ ਬੰਦ ਹਨ। ਉਹ ਅਲ-ਅਜ਼ੀਜ਼ੀਆ ਸਟੀਲ ਮਿੱਲ ਭਿ੍ਸ਼ਟਾਚਾਰ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਪੀਐੱਮਐੱਲ-ਐੱਨ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ਼ ਨੇ ਸ਼ਨਿਚਰਵਾਰ ਨੂੰ ਜੇਲ੍ਹ 'ਚ ਨਵਾਜ਼ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮਕਸਦ ਸ਼ਰੀਫ਼ ਨੂੰ ਦੇਸ਼ ਦੇ ਤਾਜ਼ਾ ਹਾਲਾਤ ਖ਼ਾਸ ਤੌਰ 'ਤੇ ਭਾਰਤ ਨਾਲ ਚੱਲ ਰਹੇ ਤਣਾਅ ਤੋਂ ਜਾਣੂ ਕਰਵਾਉਣਾ ਸੀ। ਇਸ ਦੌਰਾਨ ਸ਼ਰੀਫ਼ ਪਰਿਵਾਰ 'ਤੇ ਚੱਲ ਰਹੇ ਮੁਕੱਦਮਿਆਂ 'ਤੇ ਵੀ ਚਰਚਾ ਹੋਈ।