ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਨੇ ਜਾਅਲੀ ਡਿਗਰੀਆਂ ਪਾਏ ਜਾਣ 'ਤੇ ਆਪਣੇ 63 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਵਿਚ ਪੰਜ ਪਾਇਲਟ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈਆਂ 'ਤੇ ਡਿਊਟੀ ਤੋਂ ਗ਼ੈਰਹਾਜ਼ਰੀ ਵੀ ਕਾਰਨ ਦੱਸਿਆ ਗਿਆ ਹੈ। ਪੀਆਈਏ ਦੇ ਬੁਲਾਰੇ ਅਬਦੁੱਲਾ ਖ਼ਾਨ ਨੇ ਦੱਸਿਆ ਕਿ ਹਟਾਏ ਗਏ ਪੰਜ ਪਾਇਲਟਾਂ ਕੋਲ ਜਾਅਲੀ ਡਿਗਰੀਆਂ ਸਨ ਤੇ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਲਈ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੀਆਈਏ ਨੇ ਉਨ੍ਹਾਂ ਚਾਰ ਮੁਲਾਜ਼ਮਾਂ ਨੂੰ ਹੇਠਲੀ ਪੋਸਟ 'ਤੇ ਲਗਾਇਆ ਹੈ ਜਿਨ੍ਹਾਂ ਨੇ ਕੰਮ ਤੋਂ ਨਾਂਹ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਪੀਆਈਏ ਨੇ ਪਿਛਲੇ ਮਹੀਨੇ ਫੈਡਰਲ ਕੈਬਨਿਟ ਦੇ ਆਦੇਸ਼ 'ਤੇ 17 ਪਾਇਲਟਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ ਜਿਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਿਯਮਾਂ ਦੇ ਉਲਟ ਕੁਝ ਲੋਕਾਂ ਨੂੰ ਟ੍ਰੇਨਿੰਗ ਦਿੱਤੀ।