ਮੁਜ਼ੱਫਰਾਬਾਦ (ਏਐੱਨਆਈ) : ਪਾਕਿਸਤਾਨ ਦੀਆਂ ਵਿਤਕਰੇ ਵਾਲੀਆਂ ਨੀਤੀਆਂ ਕਾਰਨ ਮੁਸ਼ਕਲਾਂ ਨਾਲ ਜੂਝ ਰਹੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ 'ਤੇ ਹੁਣ ਅਸਮਾਨ ਛੂਹ ਰਹੀ ਮਹਿੰਗਾਈ ਅਤੇ ਜ਼ਿਆਦਾ ਟੈਕਸ ਦੀ ਮਾਰ ਪਈ ਹੈ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਹੋਰ ਮੁਸ਼ਕਲ ਹੋ ਗਈ ਹੈ। ਇਸ ਨੂੰ ਲੈ ਕੇ ਲੋਕਾਂ 'ਚ ਇਮਰਾਨ ਸਰਕਾਰ ਪ੍ਰਤੀ ਗੁੱਸਾ ਵੱਧ ਗਿਆ ਹੈ।

ਪਾਕਿਸਤਾਨ ਆਪਣੇ ਕਬਜ਼ੇ ਵਾਲੇ ਇਸ ਖੇਤਰ ਨਾਲ ਪਹਿਲਾਂ ਤੋਂ ਹੀ ਦੂਜੇ ਦਰਜੇ ਵਾਲਾ ਵਿਹਾਰ ਕਰਦਾ ਆ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਇਸ ਇਲਾਕੇ ਦੇ ਲੋਕ ਵੱਧਦੀ ਮਹਿੰਗਾਈ ਅਤੇ ਅਣਉਚਿਤ ਟੈਕਸ ਦੇ ਬੋਝ ਥੱਲੇ ਦੱਬ ਗਏ ਹਨ। ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੇ ਸਿੱਧੇ ਤੌਰ 'ਤੇ ਦੋਸ਼ ਲਗਾਇਆ ਹੈ ਕਿ ਇਥੋਂ ਦੇ ਲੋਕਾਂ ਪ੍ਰਤੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉਦਾਸੀਨ ਹਨ। ਉਹ ਖ਼ੁਸ਼ਹਾਲੀ ਲਿਆਉਣ ਦਾ ਸਿਰਫ਼ ਦਾਅਵਾ ਕਰਦੇ ਹਨ। ਅਸਲ ਵਿਚ ਪਾਕਿਸਤਾਨ ਨੇ ਇਸ ਖੇਤਰ ਦੀ ਭਲਾਈ ਲਈ ਕੁਝ ਨਹੀਂ ਕੀਤਾ। ਟੈਕਸ ਦੇ ਬੋਝ ਅਤੇ ਵੱਧਦੀ ਮਹਿੰਗਾਈ ਨਾਲ ਗੁੱਸੇ 'ਚ ਆਏ ਮੁਜ਼ੱਫਰਾਬਾਦ ਦੇ ਮੁਮਨ ਮੁਨੀਰ ਨਾਂ ਦੇ ਇਕ ਰਿਕਸ਼ਾ ਚਾਲਕ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਪਾਕਿਸਤਾਨ ਨੂੰ ਬਦਲਣ ਦੇ ਨਾਂ 'ਤੇ ਲੋਕਾਂ ਦੀ ਜ਼ਿੰਦਗੀ ਨੂੰ ਬਦ ਤੋਂ ਬਦਤਰ ਕਰ ਦਿੱਤਾ ਹੈ। ਭਾਰੀ-ਭਰਕਮ ਟੈਕਸ ਥੋਪ ਦਿੱਤੇ ਹਨ। ਗ਼ਰੀਬ ਕਿਵੇਂ ਗੁਜ਼ਾਰਾ ਕਰੇਗਾ?

ਸਰਕਾਰ ਦੇ ਅਮੀਰ ਅਧਿਕਾਰੀ ਟੈਕਸ ਦੇ ਸਕਦੇ ਹਨ ਪ੍ਰੰਤੂ ਅਸੀਂ ਨਹੀਂ। ਅਸੀਂ ਆਪਣੀ ਰੋਜ਼ਾਨਾ ਦੀ ਕਮਾਈ 'ਤੇ ਨਿਰਭਰ ਕਰਦੇ ਹਾਂ। ਅਸੀਂ ਪਾਕਿਸਤਾਨ ਨੂੰ ਸਿਰਫ਼ ਏਨਾ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਉਹ ਸਾਡੀ ਭਲਾਈ ਚਾਹੁੰਦਾ ਹੈ ਤਾਂ ਆਮ ਲੋਕਾਂ ਦਾ ਸ਼ੋਸ਼ਣ ਕਰਨਾ ਬੰਦ ਕਰ ਦੇਵੇ। ਮੁਹੰਮਦ ਸਲਮਾਨ ਨਾਂ ਦੇ ਇਕ ਵਿਅਕਤੀ ਨੇ ਕਿਹਾ ਕਿ ਇਮਰਾਨ ਨੇ ਸਭ ਕੁੱਝ ਮਹਿੰਗਾ ਕਰ ਦਿੱਤਾ ਹੈ। ਖਾਣ ਦੇ ਸਾਮਾਨ ਤੋਂ ਲੈ ਕੇ ਕਮਰੇ ਦਾ ਕਿਰਾਇਆ ਤਕ ਮਹਿੰਗਾ ਹੋ ਗਿਆ ਹੈ। ਰਹਿਣ ਲਈ ਕੋਈ ਥਾਂ ਨਹੀਂ ਬਚੀ ਹੈ।

120 ਰੁਪਏ ਕਿਲੋ ਵਿੱਕ ਰਹੀ ਖੰਡ

ਮੁਜ਼ੱਫਰਾਬਾਦ ਦੇ ਇਕ ਵਿਅਕਤੀ ਨੇ ਦੱਸਿਆ ਕਿ ਮਹਿੰਗਾਈ ਏਨੀ ਵੱਧ ਗਈ ਹੈ ਕਿ ਆਮ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 160 ਰੁਪਏ ਲੀਟਰ ਤੋਂ ਪਾਰ ਪੁੱਜ ਗਿਆ ਹੈ। ਖੰਡ 60 ਰੁਪਏ ਪ੍ਰਤੀ ਕਿਲੋ ਤੋਂ 120 ਰੁਪਏ ਹੋ ਗਈ ਹੈ। ਆਟੇ ਦੀ ਇਕ ਬੋਰੀ ਪਹਿਲੇ 900 ਰੁਪਏ ਵਿਚ ਆਉਂਦੀ ਸੀ ਪ੍ਰੰਤੂ ਹੁਣ 1,100 ਰੁਪਏ ਵਿਚ ਮਿਲ ਰਹੀ ਹੈ।