ਇਸਲਾਮਾਬਾਦ, ਆਈਐੱਨਐੱਸ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਨੇਪਾਲ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਨਾਲ ਵਿਵਾਦਿਤ ਖੇਤਰਾਂ ਦੇ ਸੰਬੰਧ ਵਿਚ ਇਕ ਨਕਸ਼ਾ ਜਾਰੀ ਕੀਤਾ ਹੈ। ਇਸ ਨਵੇਂ ਨਕਸ਼ੇ ਵਿਚ, ਭਾਰਤ ਦੇ ਬਹੁਤ ਸਾਰੇ ਖੇਤਰਾਂ ਨੂੰ ਉਸਨੇ ਆਪਣੇ ਦੱਸਿਆ ਹੈ। ਪਾਕਿਸਤਾਨ ਦੇ ਇਸ ਨਵੇਂ ਨਕਸ਼ੇ ਵਿਚ ਗਿਲਗਿਤ-ਬਾਲਟਿਸਤਾਨ ਅਤੇ ਗੁਲਾਮ ਕਸ਼ਮੀਰ (ਪੀਓਕੇ) ਤੋਂ ਇਲਾਵਾ ਪਹਿਲੀ ਵਾਰ ਭਾਰਤੀ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਵੀ ਆਪਣਾ ਖੇਤਰ ਐਲਾਨਿਆ ਗਿਆ ਹੈ। ਪਾਕਿਸਤਾਨ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਇਸ ਨਵੇਂ ਨਕਸ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਹ ਕਦਮ 5 ਅਗਸਤ ਤੋਂ ਪਹਿਲਾਂ ਚੁੱਕਿਆ ਹੈ, ਜਦੋਂ ਜੰਮੂ-ਕਸ਼ਮੀਰ ਤੋਂ ਭਾਰਤ ਸਰਕਾਰ ਦੀ ਧਾਰਾ 370 ਨੂੰ ਹਟਾਉਣ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਅਜਿਹੀਆਂ ਖ਼ਬਰਾਂ ਵੀ ਹਨ ਕਿ ਇਸ ਮੌਕੇ 'ਤੇ ਪਾਕਿਸਤਾਨ ਕਿਸੇ ਵੱਡੀ ਅੱਤਵਾਦੀ ਘਟਨਾ ਦੀ ਸਾਜਿਸ਼ ਰਚ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਕਸ਼ੇ ਨੂੰ ਪ੍ਰਵਾਨਗੀ ਦਿੰਦੇ ਹੋਏ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ਲਈ ਇਤਿਹਾਸਕ ਦਿਨ ਕਿਹਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਦਾ ਮੰਨਨਾ ਹੈ ਕਿ ਨਕਸ਼ੇ ਨੂੰ ਪਾਸ ਕਰਨਾ ਕਸ਼ਮੀਰ ਨੂੰ ਪਾਕਿਸਤਾਨ ਵਿੱਚ ਤਬਦੀਲ ਕਰਨ ਵੱਲ ਪਹਿਲਾ ਕਦਮ ਹੈ। ਪੀਐੱਮ ਖਾਨ ਨੇ ਕਿਹਾ ਕਿ ਅੱਜ ਤੋਂ ਇਹੀ ਨਕਸ਼ਾ ਪਾਕਿਸਤਾਨ ਵਿਚ ਜਾਇਜ਼ ਰਹੇਗਾ ਅਤੇ ਇਹੀ ਨਕਸ਼ੇ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਏ ਜਾਣਗੇ।

ਖ਼ਬਰਾਂ ਅਨੁਸਾਰ ਪਾਕਿਸਤਾਨ ਨੇ ਇਸ ਨਵੇਂ ਨਕਸ਼ੇ ਵਿੱਚ ਜੰਮੂ-ਕਸ਼ਮੀਰ ਤੋਂ ਇਲਾਵਾ ਜੂਨਾਗੜ, ਲੱਦਾਖ ਅਤੇ ਸਰ ਕਰੀਕ ਨੂੰ ਵੀ ਸ਼ਾਮਲ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਇਹ ਕਾਰਵਾਈ ਚੀਨ ਦੇ ਇਸ਼ਾਰੇ 'ਤੇ ਕੀਤੀ ਹੋਵੇਗੀ। ਹਾਲਾਂਕਿ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਨਕਸ਼ੇ ਦੀ ਪ੍ਰਵਾਨਗੀ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਸ੍ਰੀਨਗਰ ਹੈ। ਇਸ ਲਈ, ਉਨ੍ਹਾਂ ਨੇ ਹਾਲ ਹੀ ਵਿਚ ਪੀਓਕੇ ਸਥਿਤ ਕਸ਼ਮੀਰ ਹਾਈਵੇ ਦਾ ਨਾਮ ਸ਼੍ਰੀਨਗਰ ਹਾਈਵੇਅ ਕੀਤਾ ਸੀ।

ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ ਦੇ ਮੁੱਦੇ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦੀ ਗੱਲ ਕੀਤੀ। ਇਮਰਾਨ ਖਾਨ ਨੇ ਕਿਹਾ, ‘ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦੇ ਮਤਿਆਂ ਤੋਂ ਹੀ ਸਾਹਮਣੇ ਆ ਸਕਦਾ ਹੈ। ਪਾਕਿਸਤਾਨ ਕਸ਼ਮੀਰ ਦੇ ਲੋਕਾਂ ਲਈ ਯਤਨਸ਼ੀਲ ਰਹੇਗਾ। ਸਾਡਾ ਮੰਨਣਾ ਹੈ ਕਿ ਕਸ਼ਮੀਰ ਵਿਵਾਦ ਦਾ ਹੱਲ ਸਿਰਫ ਰਾਜਨੀਤਿਕ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਨਾ ਕਿ ਫੌਜੀ ਤਰੀਕਿਆਂ ਨਾਲ।'

ਜ਼ਿਕਰਯੋਗ ਹੈ ਕਿ ਨੇਪਾਲ ਨੇ ਵੀ ਪਿਛਲੇ ਦਿਨੀਂ ਇਕ ਨਕਸ਼ਾ ਵੀ ਜਾਰੀ ਕੀਤਾ ਸੀ, ਜਿਸ ਵਿੱਚ ਭਾਰਤ ਦੇ ਕਈ ਖੇਤਰਾਂ 'ਤੇ ਉਸਨੇ ਆਪਣੇ ਅਧਿਕਾਰਾਂ ਦਾ ਦਾਅਵਾ ਕੀਤਾ ਸੀ। ਨੇਪਾਲ ਨੇ 20 ਮਈ ਨੂੰ ਮੰਤਰੀ ਮੰਡਲ ਵਿਚ ਨਵਾਂ ਨਕਸ਼ਾ ਪੇਸ਼ ਕੀਤਾ, ਜਿਸ ਨੂੰ ਨੇਪਾਲੀ ਸੰਸਦ ਦੇ ਪ੍ਰਤੀਨਿਧੀ ਸਭਾ ਨੇ 13 ਜੂਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਵਿਚ ਭਾਰਤ ਦੇ ਕਾਲਾਪਾਣੀ ਲਿਪੂ ਲੇਖ ਅਤੇ ਲਿਮਪਿਆਧੁਰਾ ਨੂੰ ਨੇਪਾਲ ਦਾ ਹਿੱਸਾ ਦਿਖਾਇਆਂ ਗਿਆ ਹੈ।

Posted By: Sunil Thapa