ਫ਼ੈਸਲਾਬਾਦ (ਏਪੀ) : ਪਾਕਿਸਤਾਨ ਦੇ ਫ਼ੈਸਲਾਬਾਦ ਸ਼ਹਿਰ ਦੀ 19 ਸਾਲ ਦੀ ਨਤਾਸ਼ਾ ਮਸੀਹ ਦੇ ਗ਼ਰੀਬ ਮਾਪਿਆਂ ਨੇ ਕੁਝ ਰੁਪਿਆਂ ਦੇ ਲਾਲਚ ਵਿਚ ਆਪਣੀ ਬੇਟੀ ਦਾ ਵਿਆਹ ਇਕ ਚੀਨੀ ਨਾਲ ਕਰਵਾ ਦਿੱਤੀ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਬੇਟੀ ਵਿਦੇਸ਼ ਜਾ ਕੇ ਆਰਾਮ ਨਾਲ ਰਹੇਗੀ ਪਰ ਹੋਇਆ ਇਸ ਦੇ ਉਲਟ। ਨਤਾਸ਼ਾ ਦਾ ਸ਼ੌੌਹਰ ਨਾ ਸਿਰਫ਼ ਉਸ ਨੂੰ ਮਾਰਦਾ ਕੁੱਟਦਾ ਸੀ ਬਲਕਿ ਵੇਸਵਾਗਿਰੀ ਲਈ ਵੀ ਉਸ ਨੂੰ ਮਜਬੂਰ ਕਰਦਾ ਸੀ। ਇਹ ਸਭ ਕੁਝ ਸਹਿਣ ਵਾਲੀ ਨਤਾਸ਼ਾ ਇਕੱਲੀ ਨਹੀਂ ਹੈ। ਉਸ ਵਰਗੀਆਂ ਸੈਂਕੜੇ ਅਜਿਹੀਆਂ ਪਾਕਿਸਤਾਨੀ ਕੁੜੀਆਂ ਹਨ ਜਿਨ੍ਹਾਂ ਦੀ ਵਿਆਹ ਦੇ ਨਾਂ 'ਤੇ ਚੀਨ ਵਿਚ ਸਮੱਗਲਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੜਕੀਆਂ ਪਾਕਿਸਤਾਨ ਦੇ ਸਭ ਤੋਂ ਗ਼ਰੀਬ ਈਸਾਈ ਭਾਈਚਾਰੇ ਦੀਆਂ ਹਨ।

ਪਾਕਿਸਤਾਨ ਤੇ ਚੀਨ ਦੇ ਦਲਾਲ ਆਪਸੀ ਗੰਢਤੁਪ ਕਰਕੇ ਦੇਸ਼ 'ਚ ਮਨੁੱਖੀ ਤਸਕਰੀ ਦਾ ਗਿਰੋਹ ਚਲਾ ਰਹੇ ਹਨ। ਉਹ ਗ਼ਰੀਬ ਪਰਿਵਾਰਾਂ ਨੂੰ ਰੁਪਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਬੇਟੀਆਂ ਨਾਲ ਚੀਨੀ ਨਾਗਰਿਕਾਂ ਦੇ ਵਿਆਹ ਕਰਵਾਉਂਦੇ ਹਨ। ਫਿਰ ਉਨ੍ਹਾਂ ਕੁੜੀਆਂ ਨੂੰ ਚੀਨ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਸ਼ੌਹਰ ਉਨ੍ਹਾਂ ਤੋਂ ਜ਼ਬਰਦਸਤੀ ਵੇਸਵਾਗਿਰੀ ਵੱਲ ਧੱਕ ਦਿੰਦੇ ਹਨ। ਹਾਲ ਹੀ ਵਿਚ ਪੁਲਿਸ ਵੱਲੋਂ ਮਾਰੇ ਗਏ ਛਾਪਿਆਂ 'ਚ ਇਹ ਮਾਮਲਾ ਉਜਾਗਰ ਹੋਇਆ ਹੈ। ਪੰਜਾਬ ਸੂਬੇ ਦੇ ਮਨੁੱਖੀ ਅਧਿਕਾਰ ਤੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਏਜਾਜ ਆਲਮ ਅਨੁਸਾਰ ਹੁਣ ਤਕ 500 ਕੁੜੀਆਂ ਦੀ ਚੀਨ 'ਚ ਤਸਕਰੀ ਕੀਤੀ ਜਾ ਚੁੱਕੀ ਹੈ। ਕੁਝ ਵਰਕਰਾਂ ਅਨੁਸਾਰ ਇਹ ਅੰਕੜਾ ਹਜ਼ਾਰ ਤਕ ਪੁੱਜ ਗਿਆ ਹੈ।

ਜਾਂਚਕਾਰਾਂ ਨੂੰ ਚੁੱਪ ਰਹਿਣ ਦਾ ਆਦੇਸ਼

ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚੀਨ ਤੋਂ ਭਾਰੀ ਆਰਥਿਕ ਮਦਦ ਮਿਲ ਰਹੀ ਹੈ। ਪਾਕਿ ਸਰਕਾਰ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧ ਖ਼ਰਾਬ ਨਹੀਂ ਕਰਨਾ ਚਾਹੁੰਦੀ। ਇਸ ਦੇ ਚੱਲਦਿਆਂ ਸੀਨੀਅਰ ਅਧਿਕਾਰੀਆਂ ਨੇ ਜਾਂਚਕਾਰਾਂ ਨੂੰ ਇਸ ਮਾਮਲੇ 'ਚ ਚੁੱਪ ਰਹਿਣ ਦਾ ਆਦੇਸ਼ ਦਿੱਤਾ ਹੈ।

ਚੀਨ ਸਰਕਾਰ ਨੇ ਕੀਤਾ ਇਨਕਾਰ

ਪਾਕਿਸਤਾਨ 'ਚ ਚੀਨ ਦੇ ਰਾਜਦੂਤ ਨੇ ਲੜਕੀਆਂ ਦੀ ਸਮੱਗਲਿੰਗ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਮਹੀਨੇ ਪਾਕਿਸਤਾਨ ਆਏ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਵੀਸ਼ਨ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਸੀ।