ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਵਿਚ ਸਰਕਾਰ ਦੀ ਮੀਡੀਆ 'ਤੇ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਇਕ ਟੀਵੀ ਚੈਨਲ ਦਾ ਲਾਇਸੈਂਸ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਚੈਨਲ 'ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਹ ਕਾਰਵਾਈ ਇਕ ਐਂਕਰ ਵੱਲੋਂ ਨਿਆਪਾਲਿਕਾ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕੀਤੇ ਜਾਣ 'ਤੇ ਕੀਤੀ ਗਈ।

ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੀਈਐੱਮਆਰਏ) ਨੇ ਇਹ ਕਾਰਵਾਈ 'ਬੋਲ ਨਿਊਜ਼' ਖ਼ਿਲਾਫ਼ ਕੀਤੀ ਹੈ। ਕਾਰਵਾਈ ਕਰਦੇ ਹੋਏ ਰੈਗੂਲੇਟਰੀ ਸੰਸਥਾ ਨੇ ਕਿਹਾ ਹੈ ਕਿ ਇਸ ਚੈਨਲ ਦੇ ਐਂਕਰ ਸਾਮੀ ਇਬਰਾਹਿਮ ਨੇ 13 ਜਨਵਰੀ ਨੂੰ ਪ੍ਰਸਾਰਿਤ ਪ੍ਰਰੋਗਰਾਮ ਵਿਚ ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਹੋਰ ਜੱਜਾਂ 'ਤੇ ਨਿਯੁਕਤੀਆਂ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ। ਸੰਸਥਾ ਨੇ ਕਿਹਾ ਹੈ ਕਿ ਜਦੋਂ ਚੈਨਲ ਨੂੰ ਨੋਟਿਸ ਦਿੱਤਾ ਗਿਆ ਤਾਂ ਉਸ ਨੇ ਖੇਦ ਪ੍ਰਗਟ ਕਰਨ ਦੀ ਥਾਂ ਨੋਟਿਸ ਵਾਪਸ ਲੈਣ 'ਤੇ ਜ਼ੋਰ ਦਿੱਤਾ। ਅਪ੍ਰਰੈਲ 2019 ਵਿਚ ਲਾਹੌਰ ਹਾਈਕੋਰਟ ਨੇ ਜੱਜਾਂ ਦੇ ਸਬੰਧ ਵਿਚ ਇਕ ਹੋਰ ਖ਼ਬਰ ਦੇ ਮਾਮਲੇ ਵਿਚ ਵੀ ਨੋਟਿਸ ਦਿੱਤਾ ਸੀ। 2019 ਵਿਚ ਇਸ ਐਂਕਰ ਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਇਕ ਟਾਕ ਸ਼ੋਅ ਦੇ ਕਾਰਨ ਵਿਗਿਆਨ ਮੰਤਰੀ ਫਵਾਦ ਚੌਧਰੀ ਨਾਲ ਵਿਵਾਦ ਹੋ ਚੁੱਕਾ ਹੈ। ਫਵਾਦ ਚੌਧਰੀ ਨੇ ਐਂਕਰ ਇਬਰਾਹਿਮ ਨੂੰ ਇਕ ਵਿਆਹ ਸਮਾਗਮ ਵਿਚ ਥੱਪੜ ਮਾਰ ਦਿੱਤਾ ਸੀ।