ਇਸਲਾਮਾਬਾਦ : ਭਾਰਤ ਸਰਕਾਰ ਵਲੋਂ ਧਾਰਾ 370 ਹਟਾਉਣ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨੀ ਆਗੂ ਬੁਖ਼ਲਾਏ ਹੋਏ ਹਨ। ਪਾਕਿ ਫ਼ੌਜ ਦੇ ਨਾਲ-ਨਾਲ ਹੁਣ ਗੁਆਂਢੀ ਮੁਲਕ ਦੇ ਚੋਟੀ ਦੇ ਹੁਕਮਰਾਨ ਵੀ ਸ਼ਰੇਆਮ ਜੰਗ ਅਤੇ ਖ਼ੂਨ-ਖ਼ਰਾਬੇ ਦੀਆਂ ਗੱਲਾਂ ਕਰਨ ਲੱਗੇ ਹਨ। ਹੁਣ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਨੇ ਗਿੱਦੜ-ਭਬਕੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਜੰਗੀ ਛੇੜੀ ਤਾਂ ਖ਼ੁਦ ਨੂੰ ਬਚਾਉਣ ਲਈ ਉਨ੍ਹਾਂ ਕੋਲ ਜੇਹਾਦ ਅਤੇ ਮੁਕਾਬਲਾ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਉਨ੍ਹਾਂ ਧਮਕੀ ਦਿੱਤੀ ਕਿ ਇਹ ਜੰਗ ਸਿਰਫ਼ ਦੋ ਦੇਸ਼ਾਂ ਤਕ ਹੀ ਸੀਮਤ ਨਹੀਂ ਰਹੇਗੀ ਬਲਕਿ ਇਸ ਦਾ ਅਸਰ ਪੂਰੀ ਦੁਨੀਆ ਮਹਿਸੂਸ ਕਰੇਗੀ।

ਰਾਸ਼ਟਰਪਤੀ ਅਲਵੀ ਪਾਕਿਸਤਾਨ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਇਸਲਾਮਾਬਾਦ ਦੇ ਜਿਨਾਹ ਕਨਵੈਨਸ਼ਨ ਸੈਂਟਰ 'ਚ (Jinnah Convention Center) 'ਚ ਕਰਵਾਏ ਗਏ ਝੰਡਾ ਲਹਿਰਾਉਣ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਭਾਰਤ ਜੇਕਰ ਜੰਗ ਚਾਹੁੰਦਾ ਹੈ ਤਾਂ ਸਾਡੇ ਕੋਲ ਜੇਹਾਦ ਅਤੇ ਮੁਕਾਬਲਾ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਕਸ਼ਮੀਰ ਵਾਸੀਆਂ ਨਾਲ ਖੜ੍ਹਾ ਹੈ। ਭਾਰਤ ਦੀ ਇਕਪਾਸੜ ਕਾਰਵਾਈ ਤੋਂ ਬਾਅਦ ਅਸੀਂ ਦੁਵੱਲਾ ਵਪਾਰ ਖ਼ਤਮ ਕਰ ਦਿੱਤਾ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ ਕਸ਼ਮੀਰ ਦੇ ਮਸਲੇ ਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਲੈ ਜਾਵਾਂਗੇ।

ਕਸ਼ਮੀਰ 'ਚ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ ਦੀ ਸਥਿਤੀ 'ਚ ਬਦਲਾਅ ਕਰ ਕੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਪਾਕਿਸਤਾਨੀ ਆਗੂਆਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਦੇ ਨਾਲ ਹੀ ਅਲਵੀ ਨੇ ਪਾਕਿਸਾਤਨੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਖ਼ਿਲਾਫ਼ ਪ੍ਰੋਪੇਗੰਡਾ ਫੈਲਾਉਣ 'ਚ ਸੋਸ਼ਲ ਮੀਡੀਆ ਦੇ ਇਸਤੇਮਾਲ 'ਚ ਕੋਈ ਕੁਤਾਹੀ ਨਾ ਵਰਤਣ। ਉੱਥੇ ਹੀ ਇਮਰਾਨ ਖ਼ਾਨ ਸਰਕਾਰ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਐਟਮੀ ਹਮਲੇ ਦੀ ਧਮਕੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਪਰਮਾਣੂ ਹਥਿਆਰ ਈਦ ਜਾਂ ਸ਼ਬ-ਏ-ਬਰਾਤ ਲਈ ਨਹੀਂ ਰੱਖੇ ਹਨ।

Posted By: Seema Anand