ਪਾਕਿਸਤਾਨ ਵਿਚ ਇਕ ਔਰਤ ਨੇ ਇਕ ਵੇਲੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟਰਾਸਾਉਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਲੱਗਾ ਸੀ ਕਿ ਔਰਤ ਦੇ ਗਰਭ ਵਿਚ ਪੰਜ ਬੱਚੇ ਹਨ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਪਰ ਜਦੋਂ ਡਲਿਵਰੀ ਹੋਈ ਤਾਂ ਔਰਤ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ। ਫਿਲਹਾਲ ਸਾਰੇ ਨਵਜੰਮੇ ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਹਾਲਤ ਸਥਿਰ ਹੈ।

ਦਰਅਸਲ ਇਹ ਪੂਰਾ ਮਾਮਲਾ ਖੈਬਰ ਪਖ਼ਤੂਨਖਵਾ ਦੇ ਐਬਟਾਬਾਦ ਦੀ ਹੈ। ਇਥੇ ਯਾਰ ਮੁਹੰਮਦ ਨਾਂ ਦੇ ਸ਼ਖ਼ਸ ਦੀ ਪਤਨੀ ਨੂੰ ਲੇਬਰ ਪੇਨ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਜਿਨਹਾ ਇੰਟਰਨੈਸ਼ਨਲ ਹਸਪਤਾਲ ’ਚ ਯਾਰ ਮੁਹੰਮਦ ਦੀ ਪਤਨੀ ਨੇ ਇਕੱਠਿਆਂ 7 ਬੱਚਿਆਂ ਨੂੰ ਜਨਮ ਦਿੱਤਾ,ਜਿਨ੍ਹਾਂ ਵਿਚ 4 ਬੇਟੇ ਅਤੇ ਤਿੰਨ ਬੇਟੀਆਂ ਹਨ।

ਪਤੀ ਨੇ ਕਹੀ ਇਹ ਗੱਲ

ਬੀਬੀਸੀ ਮੁਤਾਬਕ ਯਾਰ ਮੁਹੰਮਦ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਉਹ ਇਕ ਸਾਂਝੇ ਪਰਿਵਾਰ ਵਿਚ ਰਹਿੰਦੇ ਹਨ ਅਤੇ ਪਰਿਵਾਰ ਦੇ ਸਾਰੇ ਲੋਕ ਉਨ੍ਹਾਂ ਦੀ ਮਦਦ ਕਰਨਗੇ। ਇਨ੍ਹਾਂ ਬੱਚਿਆਂ ਤੋਂ ਪਹਿਲਾਂ ਵੀ ਯਾਰ ਮੁਹੰਮਦ ਦੀਆਂ ਦੋ ਬੇਟੀਆਂ ਹਨ ਭਾਵ ਕਿ ਕੁਲ ਮਿਲਾ ਕੇ ਉਸ ਦੇ ਪਰਿਵਾਰ ਵਿਚ 9 ਬੱਚੇ ਹਨ।

ਕੀ ਹੈ ਡਾਕਟਰਾਂ ਦਾ ਕਹਿਣਾ

ਡਾਕਟਰਾਂ ਮੁਤਾਬਕ 8 ਮਹੀਨੇ ਦੀ ਗਰਭਵਤੀ ਔਰਤ ਉਨ੍ਹਾਂ ਕੋਲ ਪਹਿਲੀ ਵਾਰ ਸ਼ਨੀਵਾਰ ਨੂੰ ਆਈ ਸੀ। ਉਸ ਵੇਲੇ ਜਾਂਚ ਵਿਚ ਪਤਾ ਲੱਗਾ ਕਿ ਉਸ ਦੇ ਗਰਭ ਵਿਚ ਪੰਜ ਬੱਚੇ ਹਨ। ਔਰਤ ਦਾ ਬਲੱਡ ਪ੍ਰੈਸ਼ਰ ਬੇਹੱਦ ਵਧਿਆ ਹੋਇਆ ਸੀ। ਪੇਟ ਵੀ ਬਹੁਤ ਜ਼ਿਆਦਾ ਫੁੱਲ ਗਿਆ ਸੀ। ਆਪਰੇਸ਼ਨ ਦਾ ਆਪਸ਼ਨ ਖਤਰਨਾਕ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਔਰਤ ਦੇ ਦੋ ਬੱਚੇ ਆਪਰੇਸ਼ਨ ਨਾਲ ਹੋ ਚੁੱਕੇ ਹਨ। ਇਸ ਨਾਲ ਉਸ ਦੇ ਪੁਰਾਣੇ ਟਾਂਕੇ ਅਤੇ ਬੱਚੇਦਾਨੀ ਫਟਣ ਦਾ ਖਤਰਾ ਸੀ ਪਰ ਬਾਅਦ ਵਿਚ ਕਈ ਡਾਕਟਰਾਂ ਦੀ ਟੀਮ ਨੇ ਇਕ ਘੰਟੇ ਤੋਂ ਵੱਧ ਸਮੇਂ ਦੇ ਆਪਰੇਸ਼ਨ ਨਾਲ ਸਫਲ ਡਲਿਵਰੀ ਕਰਵਾਈ। ਡਾਕਟਰਾਂ ਨੇ ਕਿਹਾ ਕਿ ਆਮ ਤੌਰ ’ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕੱਠੇ ਜਨਮੇ ਸਾਰੇ ਬੱਚੇ ਜਿਉਂਦੇ ਅਤੇ ਸਿਹਤਮੰਦ ਹੋਣ ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ। ਦੱਸਿਆ ਜਾ ਰਿਹਾ ਹੈ ਕਿ ਆਈਸੀਯੂ ਵਿਚ ਸ਼ਿਫ਼ਟ ਕੀਤਾ ਗਿਆ ਹੈ। ਹਾਲਾਂਕਿ ਸੱਤੇ ਬੱਚਿਆਂ ਤੇ ਮਾਂ ਦੀ ਹਾਲਤ ਸਥਿਰ ਹੈ।

Posted By: Tejinder Thind