ਨਵੀਂ ਦਿੱਲੀ (ਏਐੱਨਆਈ) : ਅੱਤਵਾਦ ਨੂੰ ਲੈ ਕੇ ਕੌਮਾਂਤਰੀ ਦਬਾਅ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਇਕ ਹੋਰ ਤਖ਼ਤਾਪਲਟ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨੀ ਫ਼ੌਜ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਚਾਲੇ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਅਮਰੀਕੀ ਦੌਰੇ ਤੇ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਕੁਝ ਅਹਿਮ ਮੌਕਿਆਂ 'ਤੇ ਇਮਰਾਨ ਖ਼ਾਨ ਦੇ ਬਿਆਨਾਂ ਤੋਂ ਪਾਕਿਸਤਾਨੀ ਫ਼ੌਜ ਖਿਝ ਗਈ ਹੈ। ਪਾਕਿਸਤਾਨੀ ਫ਼ੌਜ ਭਾਰਤ ਵਿਚ ਅੱਤਵਾਦੀਆਂ ਦੀ ਵੱਡੇ ਪੱਧਰ 'ਤੇ ਘੁਸਪੈਠ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪਰ ਕਦੇ ਪਾਕਿਸਤਾਨੀ ਫ਼ੌਜ ਦੀ ਕਠਪੁਤਲੀ ਕਹੇ ਜਾਣ ਵਾਲੇ ਪੀਐੱਮ ਇਮਰਾਨ ਖ਼ਾਨ ਨੇ ਕਈ ਵਾਰ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦੀਆਂ 'ਤੇ ਕਾਰਵਾਈ ਕਰ ਰਹੀ ਹੈ। ਲਿਹਾਜ਼ਾ ਪਾਕਿਸਤਾਨੀ ਫ਼ੌਜ ਇਮਰਾਨ ਖ਼ਾਨ ਤੋਂ ਨਾਰਾਜ਼ ਹੈ। ਦਸ ਸਾਲਾਂ ਤਕ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਆਪਣੇ ਮੁਲਕ ਵਿਚ ਲੁਕਾਉਣ ਵਾਲੀ ਪਾਕਿਸਤਾਨੀ ਫ਼ੌਜ ਦਾ ਇਰਾਦਾ ਫ਼ੌਜ ਦੇ ਲੋਕਾਂ ਨੂੰ ਸਿਆਸਤ ਜ਼ਰੀਏ ਮੁੱਖ ਧਾਰਾ ਵਿਚ ਲਿਆਉਣਾ ਹੈ। ਧਿਆਨ ਰਹੇ ਕਿ ਅਕਤੂਬਰ 2017 'ਚ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਸੀ ਕਿ ਉਹ ਹਥਿਆਰਬੰਦ ਲੋਕਾਂ ਨੂੰ ਸਿਆਸੀ ਪ੍ਰਕਿਰਿਆ ਵਿਚ ਲਿਆਉਣ ਲਈ ਇਕ ਵਿਸ਼ੇਸ਼ ਯੋਜਨਾ 'ਤੇ ਕੰਮ ਕਰ ਰਹੇ ਹਨ। ਇਕ ਯੂਰਪੀ ਥਿੰਕ ਟੈਂਕ ਐਫਸਾਸ ਦੇ ਲਿਖਤੀ ਦਸਤਾਵੇਜ਼ ਅਨੁਸਾਰ ਗਫੂਰ ਦਾ ਮਕਸਦ ਅੱਤਵਾਦਆਂ ਤੇ ਅੱਤਵਾਦੀ ਜਮਾਤਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਨੂੰ ਪਾਕਿਸਤਾਨ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਿਆਸੀ ਖੇਤਰ ਵਿਚ ਇਕ ਸਕਾਰਾਤਮਕ ਭੂਮਿਕਾ ਦਿੱਤੀ ਜਾਵੇਗੀ। ਇਸ ਦੇ ਉਲਟ ਪਿਛਲੇ ਸਾਲ ਹੀ ਪਾਕਿਸਤਾਨੀ ਫ਼ੌਜ ਨੇ ਹੇਰਾਫੇਰੀ ਨਾਲ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਵਾਲੇ ਇਮਰਾਨ ਖ਼ਾਨ ਨੇ ਹਾਲ ਹੀ ਵਿਚ ਮਜਬੂਰੀ 'ਚ ਕੁਝ ਅਜਿਹੇ ਬਿਆਨ ਦਿੱਤੇ ਕਿ ਪਾਕਿਸਤਾਨੀ ਫ਼ੌਜ ਦੇ ਜਨਰਲ ਉਨ੍ਹਾਂ ਵਿਰੁੱਧ ਹੋ ਗਏ ਹਨ ਜੋ ਅੱਤਵਾਦੀ ਸਮੂਹਾਂ ਨੂੰ ਬਕਾਇਦਾ ਸਿਖਲਾਈ ਦਿੰਦੇ ਹਨ। ਪਹਿਲਾਂ ਤਾਂ ਅਮਰੀਕਾ ਯਾਤਰਾ ਦੌਰਾਨ ਇਮਰਾਨ ਨੇ ਦੁਨੀਆ ਸਾਹਮਣੇ ਇਹ ਕਬੂਲ ਕਰ ਲਿਆ ਕਿ ਉਨ੍ਹਾਂ ਦੇ ਦੇਸ਼ ਵਿਚ ਕਰੀਬ 30 ਤੋਂ 40 ਹਜ਼ਾਰ ਅੱਤਵਾਦੀ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇਸ਼ 'ਚ ਜੇਹਾਦ ਦੀ ਸੰਸਕ੍ਰਿਤੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹੁਣ ਹਾਲ ਹੀ ਵਿਚ ਪਾਕਿਸਤਾਨ ਦੇ ਆਜ਼ਾਦੀ ਦਿਵਸ 'ਤੇ ਇਮਰਾਨ ਖ਼ਾਨ ਇਹ ਵੀ ਕਬੂਲ ਕਰ ਬੈਠੇ ਕਿ ਭਾਰਤ ਨੇ ਮਕਬੂਜ਼ਾ ਕਸ਼ਮੀਰ 'ਚ ਬਾਲਾਕੋਟ ਤੋਂ ਵੀ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨੀ ਫ਼ੌਜ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ। ਸਾਡੀ ਜਾਣਕਾਰੀ ਮੁਤਾਬਕ ਭਾਰਤ ਦੀਆਂ ਹੋਰ ਵੀ ਭਿਆਨਕ ਯੋਜਨਾਵਾਂ ਹਨ। ਇਮਰਾਨ ਖ਼ਾਨ ਦੇ ਇਸ ਕਬੂਲਨਾਮੇ ਤੋਂ ਵੀ ਪਾਕਿਸਤਾਨੀ ਫ਼ੌਜ ਬੇਹੱਦ ਨਾਰਾਜ਼ ਹੈ। ਚੂੰਕਿ ਪਾਕਿਸਤਾਨੀ ਫ਼ੌਜ ਹਮੇਸ਼ਾ ਹੀ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਬਾਲਾਕੋਟ ਦੇ ਹਵਾਈ ਹਮਲੇ 'ਚ ਭਾਰਤ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਸੀ। ਭਾਰਤੀ ਹਮਲੇ ਨੂੰ ਨਾਕਾਮ ਸਾਬਤ ਕਰਨ ਲਈ ਪਾਕਿਸਤਾਨੀ ਫ਼ੌਜ ਨੇ ਵਿਦੇਸ਼ੀ ਪੱਤਰਕਾਰਾਂ ਨੂੰ ਹਮਲੇ ਵਾਲੀ ਥਾਂ ਲਿਜਾਣ ਦਾ ਨਾਟਕ ਵੀ ਰਚਿਆ ਸੀ। ਉਸ ਦਾ ਦਾਅਵਾ ਸੀ ਕਿ ਹਮਲੇ ਵਿਚ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਜਦਕਿ ਭਾਰਤੀ ਹਵਾਈ ਫ਼ੌਜ ਨੇ ਕਿਹਾ ਸੀ ਕਿ ਬਾਲਾਕੋਟ ਸਥਿਤ ਅੱਤਵਾਦੀ ਕੈਂਪ 'ਤੇ ਸਟੀਕ ਨਿਸ਼ਾਨਾ ਸੀ ਤੇ ਘੱਟੋ-ਘੱਟ 200 ਅੱਤਵਾਦੀ ਮਾਰੇ ਗਏ ਸਨ।