ਲੰਡਨ (ਆਈਏਐੱਨਐੱਸ) : ਖ਼ੁਫ਼ੀਆ ਆਪਰੇਸ਼ਨ ਦੌਰਾਨ ਫੜੇ ਗਏ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਅਦਾਲਤ ਵਿਚ ਪਾਕਿਸਤਾਨ ਆਪਣਾ ਪੱਖ ਮਜ਼ਬੂਤੀ ਨਾਲ ਰੱਖੇਗਾ। ਇਹ ਗੱਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਹੀ ਹੈ। ਜਾਧਵ ਦੇ ਭਾਰਤੀ ਜਾਸੂਸ ਹੋਣ ਦਾ ਦਾਅਵਾ ਪਾਕਿਸਤਾਨ ਸਰਕਾਰ ਕਰਦੀ ਹੈ ਜਦਕਿ ਵਾਸਤਵ ਵਿਚ ਉਹ ਭਾਰਤ ਦੇ ਸਾਬਕਾ ਜਲ ਸੈਨਾ ਅਧਿਕਾਰੀ ਹਨ ਜੋ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਈਰਾਨ ਦੇ ਸਰਹੱਦੀ ਇਲਾਕੇ ਵਿਚ ਗਏ ਸਨ ਜਿਥੋਂ ਤਾਲਿਬਾਨ ਨੇ ਉਨ੍ਹਾਂ ਨੂੰ ਫੜ ਕੇ ਪਾਕਿਸਤਾਨੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਸੀ।

ਕਾਨੂੰਨੀ ਸਹਾਇਤਾ ਦਿੱਤੇ ਬਿਨਾਂ ਜਾਧਵ ਨੂੰ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਨੇ ਇਸ ਸਜ਼ਾ ਖ਼ਿਲਾਫ਼ ਅੰਤਰਰਾਸ਼ਟਰੀ ਅਦਾਲਤ ਵਿਚ ਅਪੀਲ ਕੀਤੀ ਹੈ ਜਿਥੋਂ ਜਾਧਵ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਅਦਾਲਤ ਦੇ ਮਾਮਲੇ ਦੀ ਅਗਲੀ ਸੁਣਵਾਈ ਇਸੇ ਮਹੀਨੇ ਹੈ। ਮਾਨਚੈਸਟਰ ਵਿਚ ਕਰਵਾਏ ਇਕ ਸਵਾਗਤੀ ਸਮਾਰੋਹ ਵਿਚ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਵਿਚ ਜਾਧਵ ਦੇ ਸ਼ਾਮਲ ਹੋਣ ਦੇ ਸਾਰੇ ਸਬੂਤ ਮੌਜੂਦ ਹਨ। ਜਾਧਵ ਨੇ ਉਨ੍ਹਾਂ ਸਾਰੀਆਂ ਘਟਨਾਵਾਂ ਵਿਚ ਖ਼ੁਦ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦਾ ਕਾਨੂੰਨੀ ਦਲ ਇਨ੍ਹਾਂ ਸਾਰੇ ਸਬੂਤਾਂ ਨੂੰ 19 ਫਰਵਰੀ ਨੂੰ ਅੰਤਰਰਾਸ਼ਟਰੀ ਅਦਾਲਤ ਹੇਗ ਵਿਚ ਸੁਣਵਾਈ ਦੌਰਾਨ ਰੱਖੇਗਾ। ਪਾਕਿਸਤਾਨ ਸਰਕਾਰ ਅਨੁਸਾਰ ਜਾਧਵ ਕੋਈ ਸਾਧਾਰਨ ਵਿਅਕਤੀ ਨਹੀਂ ਹੈ। ਉਹ ਪਾਕਿਸਤਾਨ ਵਿਚ ਭੰਨਤੋੜ ਵਾਲੀਆਂ ਕਾਰਵਾਈਆਂ ਕਰਨ ਦੇ ਉਦੇਸ਼ ਨਾਲ ਹੀ ਦਾਖਲ ਹੋਇਆ ਸੀ। ਉਸ ਨੇ ਆਪਣਾ ਕਾਰਜ ਖੇਤਰ ਬਲੋਚਿਸਤਾਨ ਨੂੰ ਬਣਾਇਆ ਸੀ। ਭਾਰਤ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅੰਤਰਰਾਸ਼ਟਰੀ ਅਦਾਲਤ ਸੰਯੁਕਤ ਰਾਸ਼ਟਰ ਦੇ ਅੰਤਰਗਤ ਕੰਮ ਕਰਦੀ ਹੈ ਅਤੇ ਇਹ ਦੇਸ਼ਾਂ ਵਿਚਕਾਰ ਹੋਣ ਵਾਲੇ ਵਿਵਾਦਾਂ ਨੂੰ ਸੁਲਝਾਉਣ ਦਾ ਕਾਨੂੰਨੀ ਮੰਚ ਹੈ।