ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਨਾਲ ਹੋਏ ਉਨ੍ਹਾਂ ਦੇ ਸਮਝੌਤੇ 'ਤੇ ਸੋਮਵਾਰ ਨੂੰ ਹਸਤਾਖਰ ਹੋ ਜਾਣਗੇ। ਆਈਐੱਮਐੱਫ ਨੇ ਇਸਲਾਮਾਬਾਦ ਨੂੰ ਆਰਥਿਕ ਰਾਹਤ ਦੇਣ ਦੇ ਉਦੇਸ਼ ਨਾਲ ਨਵੇਂ ਸਿਰੇ ਤੋਂ ਹੋਏ ਸਮਝੌਤੇ ਲਈ ਆਰਥਿਕ ਤੇ ਵਿੱਤੀ ਨੀਤੀ ਸੌਂਪਣ ਦੀ ਯੋਜਨਾ ਬਣਾਈ ਹੈ।

ਪਾਕਿਸਤਾਨੀ ਮੀਡੀਆ ਏਆਰਵਾਈ ਨਿਊਜ਼ ਮੁਤਾਬਕ ਵਿੱਤ ਮੰਤਰੀ ਮਿਫ਼ਤਾਹ ਇਸਮਾਈਲ ਨੇ ਨੈਸ਼ਨਲ ਅਸੈਂਬਲੀ 'ਚ ਕਿਹਾ ਕਿ ਵਿੱਤੀ ਤਿਮਾਹੀ ਬਾਰੇ ਕੀਤੀ ਗਈ ਨਕਾਰਾਤਮਕ ਟਿੱਪਣੀ ਦੇਸ਼ 'ਚ ਆਮ ਹੈ, ਪਰ ਲੱਗਦਾ ਹੈ ਕਿ ਆਈਐੱਮਐੱਫ ਪ੍ਰੋਗਰਾਮ ਬਹਾਲੀ ਦੀ ਪ੍ਰਕਿਰਿਆ 'ਚ ਹੈ।

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਕਹਿ ਚੁੱਕੇ ਹਨ ਕਿ ਆਈਐੱਮਐੱਫ ਨਾਲ ਸ਼ਰਤਾਂ ਨੂੰ ਅੰਤਿਮ ਤੌਰ 'ਤੇ ਦਿੱਤਾ ਜਾ ਚੁੱਕਾ ਹੈ ਤੇ ਆਲਮੀ ਕਰਜ਼ਦਾਤਾ ਵੱਲੋਂ ਤੈਅ ਹੋਰ ਕਿਸੇ ਵੀ ਸ਼ਰਤ ਦੇ ਸਿਵਾਏ ਕਰਾਰ ਛੇਤੀ ਹੀ ਪੂਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਾਹਬਾਜ਼ ਸਰਕਾਰ ਨੂੰ ਆਈਐੱਮਐੱਫ ਦੀ ਮੰਗ ਪੂਰੀ ਕਰਨ ਲਈ ਤਨਖ਼ਾਹਦਾਰ ਵਰਗ ਲਈ ਟੈਕ ਦੀਆਂ ਦਰਾਂ 'ਚ ਵਾਧਾ ਕੀਤਾ ਗਿਆ। ਤਨਖ਼ਾਹਦਾਰ ਵਰਗ ਲਈ ਟੈਕਸ ਰਾਹਤ ਵਾਪਸ ਲੈ ਲਈ ਹੈ।

ਹੇਠਲੇ ਸਦਨ 'ਚ ਵੀਰਵਾਰ ਨੂੰ ਬਜਟ ਪੇਸ਼ ਹੋਵੇਗਾ

ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ 'ਚ ਵੀਰਵਾਰ ਨੂੰ ਅਗਲੇ ਸਾਲ ਲਈ ਬਜਟ ਪੇਸ਼ ਕੀਤਾ ਜਾਵੇਗਾ। ਤੈਅ ਪ੍ਰੋਗਰਾਮ ਮੁਤਾਬਕ ਮਨਜ਼ੂਰੀ ਲਈ ਉਸੇ ਦਿਨ ਬਿੱਲ ਨੂੰ ਰਾਸ਼ਟਰਪਤੀ ਆਰਿਫ ਅਲਵੀ ਕੋਲ ਭੇਜਿਆ ਜਾਵੇਗਾ।