ਜੇਐਨਐਨ, ਨਵੀਂ ਦਿੱਲੀ : ਐਫਏਟੀਐਫ ਦੀ ਮੀਟਿੰਗ ਤੋਂ ਠੀਕ ਪਹਿਲਾਂ ਪਾਕਿਸਤਾਨ ਦੀ ਅਦਾਲਤ ਵੱਲੋਂ ਅੰਤਰਾਸ਼ਟਰੀ ਅੱਤਵਾਦੀ ਹਾਫ਼ਿਜ਼ ਸਈਦ ਨੂੰ ਸਜ਼ਾ ਸੁਣਾਏ ਜਾਣ ਦੇ ਨਾਟਕ ਦਾ ਸੱਚ ਪੂਰੀ ਦੁਨੀਆ ਬਾਖੂਬੀ ਜਾਣ ਗਈ ਹੈ। ਨਾਟਕ ਇਸ ਲਈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਜੁਲਾਈ 2019 ਵਿਚ ਹਾਫ਼ਿਜ਼ ਸਈਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅਗਸਤ ਵਿਚ ਐਫਏਟੀਐਫ ਨਾਲ ਸਬੰਧਤ ਸੰਸਥਾ ਏਸ਼ੀਆ ਪੈਸੇਫਿਕ ਗਰੁੱਪ ਦੀ ਮੀਟਿੰਗ ਹੋਣੀ ਸੀ। ਇਸ ਤੋਂ ਬਾਅਦ ਜਦੋਂ ਅਕਤੂਬਰ ਵਿਚ ਐਫਏਟੀਐਫ ਦੀ ਮੀਟਿੰਗ ਹੋਈ ਸੀ ਅਤੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਗਈ ਸੀ। ਇਸ ਤੋਂ ਬਾਅਦ 11 ਦਸੰਬਰ 2019 ਨੂੰ ਹਾਫ਼ਿਜ਼ ਸਈਦ ਉਪਰ ਕੋਰਟ ਵਿਚ ਦੋਸ਼ ਤੈਅ ਕੀਤੇ ਗਏ ਸਨ।

ਬਲੈਕ ਲਿਸਟ ਹੋਣ ਦਾ ਡਰ

ਦਰਅਸਲ ਪਾਕਿਸਤਾਨ ਇਹ ਸਭ ਕਵਾਇਦ ਐਫਏਟੀਐਫ ਵੱਲੋਂ ਖੁਦ ਨੂੰ ਬਲੈਕ ਲਿਸਟ ਹੋਣ ਤੋਂ ਬਚਾਉਣ ਲਈ ਕਰ ਰਿਹਾ ਹੈ। ਇਸ ਡਰ ਨੇ ਕਦੇ ਪਾਕਿਸਤਾਨ ਦੀ ਰਾਜਨੀਤੀ ਦੇ ਨੇੜੇ ਰਹਿਣ ਵਾਲੇ ਹਾਫ਼ਿਜ਼ ਸਈਦ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਹੈ।

ਗ੍ਰੇ ਲਿਸਟ ਵਿਚ ਹੈ ਪਾਕਿਸਤਾਨ

ਪਿਛਲੇ ਸਾਲ ਅਕਤੂਬਰ ਵਿਚ ਹੋਈ ਐਫਏਟੀਐਫ ਦੀ ਮੀਟਿੰਗ ਵਿਚ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਹੋਣ ਵਾਲੀ ਫੰਡਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮ ਨਾਕਾਫੀ ਮੰਨੇ ਗਏ ਸਨ। ਇਸ ਨੂੰ ਦੇਖਦੇ ਹੋਏ ਉਸ ਨੂੰ ਚੇਤਾਵਨੀ ਦਿੰਦੇ ਹੋਏ ਗ੍ਰੇ ਲਿਸਟ ਵਿਚ ਹੀ ਬਰਕਰਾਰ ਰੱਖਿਆ ਗਿਆ ਸੀ। ਕਈ ਕਾਰਨਾਂ ਕਰਕੇ ਬਦਹਾਲੀ ਦੀ ਕਗਾਰ 'ਤੇ ਪਹੁੰਚੇ ਪਾਕਿਸਤਾਨ ਨੂੰ ਸਭ ਤੋਂ ਵੱਡੀ ਚਿੰਤਾ ਬਲੈਕ ਲਿਸਟ ਹੋਣ ਦੀ ਹੈ। ਜੇ ਐਫਏਟੀਐਫ ਅਜਿਹਾ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਇਹ ਬਦਹਾਲ ਪਾਕਿਸਤਾਨ ਦੀ ਕਮਰ ਤੋੜ ਦੇਣ ਵਾਲਾ ਫੈਸਲਾ ਸਾਬਤ ਹੋਵੇਗਾ।

ਬਲੈਕ ਲਿਸਟ ਹੋਣ ਨਾਲ ਕੀ ਪਵੇਗਾ ਅਸਰ

-ਜੇ ਪਾਕਿਸਤਾਨ ਨੂੰ ਇਸ ਲਿਸਟ ਵਿਚ ਪਾ ਦਿੱਤਾ ਜਾਂਦਾ ਹੈ ਤਾਂ ਪਾਕਿਸਤਾਨ ਲਈ ਕਰਜ਼ ਹਾਸਲ ਕਰਨਾ ਮੁਸ਼ਕਲ ਹੋਵੇਗਾ।

-ਕਾਲੀ ਸੂਚੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼ ਦੇ ਸਾਰੇ ਦਰਵਾਜ਼ੇ ਵੀ ਬੰਦ ਹੋ ਜਾਣਗੇ।

-ਕਾਲੀ ਸੂਚੀ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਸ਼ਵ ਵਿੱਤੀ ਸੰਸਥਾਵਾਂ ਪਾਕਿਸਤਾਨ ਦੀ ਰੇਟਿੰਗ ਘੱਟ ਕਰ ਦੇਵੇਗੀ, ਜਿਸ ਤੋਂ ਬਾਅਦ ਉਥੇ ਵਿਦੇਸ਼ੀ ਕੰਪਨੀਆਂ ਦਾ ਨਿਵੇਸ਼ ਕਰਨਾ ਮੁਸ਼ਕਲ ਹੋ ਜਾਵੇਗਾ।

-ਬਲੈਕ ਲਿਸਟ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਵਰਲਡ ਬੈਂਕ, ਆਈਐਮਐਫ ਤੋਂ ਵੀ ਪੈਸਾ ਲੈਣਾ ਮੁਸ਼ਕਲ ਹੋ ਜਾਵੇਗਾ। ਉਥੇ ਚੀਨ ਵੀ ਉਸ ਨੂੰ ਕਰਜ਼ ਦੇਣ ਤੋਂ ਇਨਕਾਰ ਕਰ ਸਕਦਾ ਹੈ।

-ਜੇ ਐਫਏਟੀਐਫ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਸ਼ਾਮਲ ਕਰਦਾ ਹੈ ਤਾਂ ਉਥੇ ਚੱਲ ਰਹੇ ਚੀਨ ਦੇ ਪ੍ਰਾਜੈਕਟ ਅਤੇ ਆਰਥਕ ਲਾਂਘੇ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ।

Posted By: Tejinder Thind