ਨਵੀਂ ਦਿੱਲੀ (ਪੀਟੀਆਈ) : ਭਾਰਤ ਤੋਂ ਅਫ਼ਗਾਨਿਸਤਾਨ ਦੀ ਮਦਦ ਵਜੋਂ ਪੰਜ ਲੱਖ ਕੁਇੰਟਲ ਕਣਕ ਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਲਈ ਰਸਤਾ ਦੇਣ ਦੀ ਮਜਬੂਰੀ ’ਚ ਐਲਾਨ ਕਰਨ ਵਾਲਾ ਪਾਕਿਸਤਾਨ ਹੁਣ ਸਪਲਾਈ ’ਚ ਰੁਕਾਵਟ ਪਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਰਸਤਾ ਦੇਣ ਦਾ ਐਲਾਨ ਕਰਨ ਤੇ ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਦੇਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸ਼ਰਤ ਰੱਖ ਦਿੱਤੀ ਹੈ ਕਿ ਵਾਹਗਾ (ਅਟਾਰੀ) ਬਾਰਡਰ ਤੋਂ ਹੋ ਕੇ ਜਾਣ ਵਾਲਾ ਮਾਲ ਪਾਕਿਸਤਾਨ ਦੀ ਸਰਹੱਦ ਤੋਂ ਲੈ ਕੇ ਅਫ਼ਗਾਨਿਸਤਾਨ ਤਕ ਪਾਕਿਸਤਾਨੀ ਟਰੱਕਾਂ ’ਚ ਜਾਵੇਗਾ

ਭਾਰਤ ਚਾਹੁੰਦਾ ਹੈ ਕਿ ਉਸ ਵੱਲੋਂ ਭੇਜੀ ਜਾਣ ਵਾਲੀ ਸਮੱਗਰੀ ਬਿਨਾਂ ਕਿਸੇ ਅੜਿੱਕੇ ਦੇ ਅਫ਼ਗਾਨਿਸਤਾਨ ਪਹੁੰਚੇ ਤੇ ਉੱਥੇ ਕੋਈ ਕੌਮਾਂਤਰੀ ਏਜੰਸੀ ਆਮ ਲੋਕਾਂ ’ਚ ਇਸ ਦੀ ਵੰਡ ਕਰੇ। ਪਾਕਿਸਤਾਨ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤੀ ਸਹਾਇਤਾ ਸਮੱਗਰੀ ਵਾਹਗਾ ਸਰਹੱਦ ’ਤੇ ਹੀ ਸੰਯੁਕਤ ਰਾਸ਼ਟਰ ਦੀ ਸਹਾਇਤਾ ਟੀਮ ਨੂੰ ਮਿਲ ਜਾਵੇ ਤੇ ਉੱਥੋਂ ਉਹ ਲੈ ਕੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਕਣਕ ਤੇ ਦਵਾਈਆਂ ਦੇਵੇ। ਇਸ ਨਾਲ ਅਫ਼ਗਾਨਿਸਤਾਨ ’ਚ ਭਾਰਤ ਬਾਰੇ ਹਾਂ-ਪੱਖੀ ਮਾਹੌਲ ਨਹੀਂ ਬਣ ਸਕੇਗਾ। ਜ਼ਿਕਰਯੋਗ ਹੈ ਕਿ ਜ਼ਮੀਨ ਨਾਲ ਘਿਰੇ ਅਫ਼ਗਾਨਿਸਤਾਨ ਲਈ ਭਾਰਤ ਤੋਂ ਕੋਈ ਸਿੱਧਾ ਰਸਤਾ ਨਹੀਂ ਹੈ। ਸੜਕ ਜ਼ਰੀਏ ਅਫ਼ਗਾਨਿਸਤਾਨ ਜਾਣ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਨੀ ਪੈਂਦੀ ਹੈ। ਪੰਜ ਲੱਖ ਕੁਇੰਟਲ ਕਣਕ ਦੀ ਵੱਡੀ ਮਾਤਰਾ ਸੜਕ ਰਾਹੀਂ ਹੀ ਅਫ਼ਗਾਨਿਸਤਾਨ ਜਾ ਸਕਦੀ ਹੈ। ਸੰਯੁਕਤ ਰਾਸ਼ਟਰ ਤੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਕਹਿਣ ’ਤੇ ਪਾਕਿਸਤਾਨ ਨੇ ਭਾਰਤੀ ਮਾਮਲ ਲਈ ਰਸਤਾ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰ ਹੁਣ ਸ਼ਰਤਾਂ ਦੱਸ ਕੇ ਉਸ ’ਚ ਅੜਿੱਕਾ ਪਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮਨੁੱਖੀ ਸਹਾਇਤਾ ਭੇਜਣ ’ਤੇ ਸ਼ਰਤਾਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ। ਸਹਾਇਤਾ ਨੂੰ ਜਲਦ ਜ਼ਰੂਰਤਮੰਦਾਂ ਤਕ ਪਹੁੰਚਾਉਣ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ।

Posted By: Susheel Khanna