ਇਸਲਾਮਾਬਾਦ (ਪੀਟੀਆਈ) : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਵਿਰੁੱਧ ਦੁਨੀਆ ਭਰ 'ਚ ਭਾਰਤ ਵਿਰੁੱਧ ਜ਼ਹਿਰੀਲਾ ਪ੍ਰਚਾਰ ਬੇਅਸਰ ਰਹਿਣ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਨਾਗਰਿਕਾਂ ਕੋਲ ਪਾਕਿਸਤਾਨ ਦੇ ਇਕੱਲੇ ਪੈਣ ਦੀ ਗੱਲ ਸਵੀਕਾਰੀ ਹੈ।

ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਸਮੱਰਥਨ ਹਾਸਲ ਕਰਨਾ ਪਾਕਿਸਤਾਨ ਲਈ ਮੁਸ਼ਕਿਲ ਹੈ। ਇਸਲਾਮਿਕ ਦੇਸ਼ ਵੀ ਪਾਕਿਸਤਾਨ ਦਾ ਸਾਥ ਨਹੀਂ ਦੇ ਰਹੇ।

ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ 'ਚ ਬੀਤੇ ਸੋਮਾਵਰ ਨੂੰ ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦੇ ਮੈਂਬਰਾਂ ਦਾ ਸਮੱਰਥਨ ਹਾਸਲ ਕਰਨ ਲਈ ਪਾਕਿਸਤਾਨੀਆਂ ਨੂੰ ਨਵੇਂ ਸਿਰੇ ਤੋਂ ਸੰਘਰਸ਼ ਕਰਨਾ ਪਵੇਗਾ। ਕੁਰੈਸ਼ੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਨਾਗਰਿਕਾਂ ਨੂੰ ਦੋ -ਟੁੱਕ ਕਿਹਾ ਕਿ ਤੁਸੀਂ ਕਿਸੇ ਗ਼ਲਤਫਹਿਮੀ ਵਿਚ ਨਾ ਰਹੋ। ਉੱਥੇ (ਯੂਐੱਨਐੱਸਸੀ 'ਚ) ਤੁਹਾਡੇ ਲਈ ਕੋਈ ਹਾਰ ਲੈ ਕੇ ਨਹੀਂ ਖੜ੍ਹਾ।

ਕੁਰੈਸ਼ੀ ਨੇ ਬਿਨਾਂ ਕਿਸੇ ਇਸਲਾਮਿਕ ਦੇਸ਼ ਦਾ ਨਾਂ ਲਏ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਉਮਾਹ (ਇਸਲਾਮਿਕ ਭਾਈਚਾਰੇ) ਦੇ ਸਰਪ੍ਰਸਤ ਵੀ ਸ਼ਾਇਦ ਆਪਣੇ ਆਰਥਿਕ ਹਿੱਤਾਂ ਖ਼ਾਤਰ ਪਾਕਿਸਤਾਨ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਦੁਨੀਆ 'ਚ ਵੱਖ-ਵੱਖ ਲੋਕਾਂ ਦੇ ਆਪਣੇ ਹਿੱਤ ਹਨ। ਭਾਰਤ ਇਕ ਅਰਬ ਲੋਕਾਂ ਦਾ ਬਾਜ਼ਾਰ ਹੈ। ਬਹੁਤ ਸਾਰੇ ਲੋਕਾਂ ਨੇ ਉੱਥੇ (ਭਾਰਤ 'ਚ) ਨਿਵੇਸ਼ ਕੀਤਾ ਹੈ। ਅਸੀਂ ਅਕਸਰ ਉਮਾਹ ਤੇ ਇਸਲਾਮ ਦੀ ਗੱਲ ਕਰਦੇ ਹਾਂ ਪਰ ਉਮਾਹ ਦੇ ਸਰਪ੍ਰਸਤਾਂ ਨੇ ਵੀ ਉੱਥੇ (ਭਾਰਤ 'ਚ) ਨਿਵੇਸ਼ ਕੀਤਾ ਹੈ। ਉਨ੍ਹਾਂ ਦੇ ਆਪਣੇ ਹਿੱਤ ਜੁੜੇ ਹੋਏ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪਾਕਿਸਤਾਨ ਨੇ ਭਾਰਤ ਨਾਲੋਂ ਸਾਰੇ ਸੱਭਿਆਚਾਰਕ ਤੇ ਵਪਾਰਕ ਸਬੰਧ ਤੋੜਦਿਆਂ ਕਿਹਾ ਸੀ ਕਿ ਉਹ ਭਾਰਤ ਦੇ ਇਸ ਫ਼ੈਸਲੇ ਵਿਰੁੱਧ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਜਾਵੇਗਾ। ਪਰ ਭਾਰਤ ਪਹਿਲਾਂ ਹੀ ਕੌਮਾਂਤਰੀ ਭਾਈਚਾਰੇ ਨੂੰ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਜੰਮੂ ਤੇ ਕਸ਼ਮੀਰ 'ਚ ਲਾਗੂ ਸੰਵਿਧਾਨ ਦੀ ਧਾਰਾ 370 ਹਟਾਉਣਾ ਉਸ ਦਾ ਅੰਦਰੂਨੀ ਮਾਮਲਾ ਹੈ। ਨਾਲ ਹੀ ਪਾਕਿਸਤਾਨ ਨੂੰ ਵੀ ਅਸਲੀਅਤ ਨੂੰ ਸਵੀਕਾਰ ਕਰਨ ਦੀ ਹਦਾਇਤ ਭਾਰਤ ਨੇ ਦਿੱਤੀ ਸੀ। ਸੁਰੱਖਿਆ ਕੌਂਸਲ ਦੇ ਪੰਜ ਮੈਂਬਰਾਂ 'ਚ ਰੂਸ, ਚੀਨ, ਫਰਾਂਸ, ਬਰਤਾਨੀਆ ਤੇ ਅਮਰੀਕਾ ਨੇ ਖੁੱਲ੍ਹ ਕੇ ਭਾਰਤ ਦਾ ਸਮੱਰਥਨ ਕੀਤਾ ਹੈ।

ਕੁਰੈਸ਼ੀ ਦਾ ਤਾਜ਼ਾ ਬਿਆਨ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪਹਿਲੇ ਮੈਂਬਰ ਰੂਸ ਦਾ ਸਮੱਰਥਨ ਆਉਣ ਤੋਂ ਦੋ ਦਿਨ ਬਾਅਦ ਆਇਆ ਹੈ।

ਰੂਸ ਨੇ ਕਿਹਾ ਸੀ ਕਿ ਜੋ ਵੀ ਤਬਦੀਲੀ ਹੋਈ ਹੈ ਉਹ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਹੈ। ਭਾਰਤੀ ਗਣਤੰਤਰ ਦੇ ਸੰਵਿਧਾਨ ਦੇ ਦਾਇਰੇ 'ਚ ਹੀ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ਵਿਚ ਵੰਡਿਆ ਗਿਆ ਹੈ। ਅਮਰੀਕਾ ਵੀ ਇਸ ਮੁੱਦੇ 'ਤੇ ਸਾਵਾਂ ਰੁਖ਼ ਅਪਣਾਉਂਦਿਆਂ ਕਹਿ ਚੁੱਕਾ ਹੈ ਕਿ ਕਸ਼ਮੀਰ 'ਤੇ ਉਸ ਦੀ ਨੀਤੀ 'ਚ ਕੋਈ ਤਬਦੀਲੀ ਨਹੀਂ ਆਈ ਹੈ। ਪਾਕਿਸਤਾਨ ਦੇ ਪੁਰਾਣੇ ਦੋਸਤ ਚੀਨ ਨੇ ਲੱਦਾਖ ਦੇ ਮੁੱਦੇ 'ਤੇ ਥੋੜ੍ਹਾ ਇਤਰਾਜ਼ ਜ਼ਰੂਰ ਪ੍ਰਗਟਾਇਆ ਪਰ ਕੁਰੈਸ਼ੀ ਨੂੰ ਸਾਫ਼ ਕਹਿ ਦਿੱਤਾ ਕਿ ਉਹ ਭਾਰਤ ਤੇ ਪਾਕਿਸਤਾਨ ਨੂੰ ਆਪਣੇ ਗੁਆਂਢੀ ਮਿੱਤਰਾਂ ਦੇ ਰੂਪ ਵਿਚ ਦੇਖਦਾ ਹੈ।