ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਵਿਚ ਸਰਕਾਰ ਦੀ ਰੋਕ ਦੇ ਬਾਅਦ ਵੀ ਵਿਰੋਧੀ ਪਾਰਟੀਆਂ ਵੱਲੋਂ ਪਿਸ਼ਾਵਰ ਵਿਚ ਰੈਲੀ ਕਰਨ 'ਤੇ ਹੁਣ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਹੈ, ਜੇ ਪੀਡੀਐੱਮ ਨੇ ਆਪਣੀਆਂ ਰੈਲੀਆਂ ਬੰਦ ਨਾ ਕੀਤੀਆਂ ਤਾਂ ਪੂਰੇ ਦੇਸ਼ ਵਿਚ ਲਾਕਡਾਊਨ ਲਗਾ ਦਿੱਤਾ ਜਾਵੇਗਾ।

ਪਾਕਿਸਤਾਨ ਵਿਚ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਇਕ ਦਿਨ ਵਿਚ ਰਿਕਾਰਡ 2,665 ਨਵੇਂ ਮਾਮਲੇ ਸਾਹਮਣੇ ਆਏ ਅਤੇ 59 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਲਗਾਤਾਰ ਕਈ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਦਰਕਿਨਾਰ ਕਰ ਕੇ ਵਿਰੋਧੀ ਪਾਰਟੀਆਂ ਦਾ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਲਗਾਤਾਰ ਦੇਸ਼ ਭਰ ਵਿਚ ਰੈਲੀਆਂ ਕਰ ਰਿਹਾ ਹੈ। ਇਸ ਨਾਲ ਦੇਸ਼ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸੇ ਤਰ੍ਹਾਂ ਕੋਰੋਨਾ ਦੇ ਮਰੀਜ਼ ਵੱਧਦੇ ਰਹੇ ਤਦ ਸਾਨੂੰ ਪੂਰੇ ਦੇਸ਼ ਵਿਚ ਲਾਕਡਾਊਨ ਲਗਾਉਣ ਲਈ ਮਜਬੂਰ ਹੋਣਾ ਪਵੇਗਾ ਜੋ ਸਾਡੀ ਆਰਥਿਕ ਸਥਿਤੀ ਲਈ ਬਹੁਤ ਘਾਤਕ ਹੋਵੇਗਾ। ਇਸ ਲਈ ਪੂਰੀ ਤਰ੍ਹਾਂ ਨਾਲ ਵਿਰੋਧੀ ਪਾਰਟੀਆਂ ਜ਼ਿੰਮੇਵਾਰ ਹੋਣਗੀਆਂ ਜੋ ਜਨਤਾ ਦੇ ਜੀਵਨ ਨਾਲ ਸਿੱਧਾ ਖਿਲਵਾੜ ਕਰ ਰਹੀਆਂ ਹਨ। ਇਮਰਾਨ ਖ਼ਾਨ ਨੇ ਆਪਣੇ ਟਵੀਟ ਵਿਚ ਪਿਛਲੇ ਪੰਦਰਾਂ ਦਿਨਾਂ ਦੇ ਉਨ੍ਹਾਂ ਰਾਜਾਂ ਦੇ ਅੰਕੜੇ ਦਿੱਤੇ ਹਨ ਜਿਨ੍ਹਾਂ ਵਿਚ ਵਿਰੋਧੀ ਪਾਰਟੀਆਂ ਰੈਲੀਆਂ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਰੈਲੀਆਂ ਹੋਈਆਂ ਹਨ ਉੱਥੇ 114 ਤੋਂ ਲੈ ਕੇ 200 ਫ਼ੀਸਦੀ ਤਕ ਗੰਭੀਰ ਕਿਸਮ ਦੇ ਮਰੀਜ਼ ਵੱਧ ਗਏ ਹਨ।