ਇਸਲਾਮਾਬਾਦ (ਰਾਇਟਰ) : ਪਾਕਿਸਤਾਨ 'ਚ ਪੈਟਰੋਲ ਪੰਪ ਮਾਲਕਾਂ ਨੇ ਵੀਰਵਾਰ ਤੋਂ ਦੇਸ਼ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ। ਉਹ ਮੁਨਾਫ਼ਾ ਘੱਟ ਕਰਨ ਦਾ ਵਿਰੋਧ ਕਰ ਰਹੇ ਹਨ। ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ ਨਾਲ ਸਮਝੌਤੇ ਤਹਿਤ ਟੈਕਸਾਂ 'ਚ ਵਾਧਾ ਤੇ ਮਾਲੀਆ ਵਧਾਉਣ ਲਈ ਪੈਟਰੋ ਪਦਾਰਥਾਂ 'ਤੇ ਮੁਨਾਫ਼ਾ ਘੱਟ ਕਰ ਦਿੱਤਾ ਹੈ। ਏਐੱਨਆਈ ਮੁਤਾਬਕ, ਹੜਤਾਲ ਨੂੰ ਦੇਖਦੇ ਹੋਏ ਦੇਸ਼ ਭਰ ਦੇ ਵੱਡੇ ਸ਼ਹਿਰਾਂ 'ਚ ਬੁੱਧਵਾਰ ਨੂੰ ਸੜਕ ਜਾਮ ਦੀ ਸਥਿਤੀ ਪੈਦਾ ਹੋ ਗਈ। ਈਂਧਨ ਭਰਵਾਉਣ ਲਈ ਵਾਹਨਾਂ ਦੀਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਪਾਕਿਸਤਾਨ ਪੈਟਰੋਲੀਅਮ ਡੀਲਰ ਸੰਘ ਦੇ ਸੂਚਨਾ ਸਕੱਤਰ ਖਵਾਜ਼ਾ ਆਸਿਫ਼ ਅਹਿਮਦ ਨੇ ਕਿਹਾ, 'ਇਹ ਦੇਸ਼ ਪੱਧਰੀ ਹੜਤਾਲ ਹੈ। ਇਹ ਪੂਰੇ ਪਾਕਿਸਤਾਨ 'ਚ ਹੋ ਰਹੀ ਹੈ ਤੇ ਇਹ ਅਣਮਿੱਥੇ ਸਮੇਂ ਲਈ ਹੈ। ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਅਸੀਂ ਆਪਣੇ ਪੰਪ ਨਹੀਂ ਖੋਲ੍ਹਾਂਗੇ।' ਇਧਰ, ਦੇਸ਼ ਦੀ ਤੇਲ ਤੇ ਗੈਸ ਰੈਗੂਲੇਟਰੀ ਅਥਾਰਟੀ (ਓਜੀਆਰਏ) ਨੇ ਕਿਹਾ ਕਿ ਉਹ ਹੜਤਾਲ ਦੇ ਪ੍ਰਭਾਵ 'ਤੇ ਕਾਬੂ ਪਾਉਣ ਦਾ ਯਤਨ ਕਰੇਗੀ।