ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ਵਿਚ ਪ੍ਰਸਤਾਵਿਤ ਚੋਣ ਨੂੰ ਲੈ ਕੇ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸੋਮਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

'ਡਾਨ' ਦੀ ਖ਼ਬਰ ਮੁਤਾਬਕ ਬੈਠਕ ਦੇ ਬਾਈਕਾਟ ਦਾ ਅਧਿਕਾਰਤ ਐਲਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕੀਤਾ। ਇਸ ਤੋਂ ਪਹਿਲੇ ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਨਵਗਠਿਤ ਗੱਠਜੋੜ ਦੀ ਰਣਨੀਤੀ 'ਤੇ ਚਰਚਾ ਕੀਤੀ। ਵਿਰੋਧੀ ਪਾਰਟੀਆਂ ਦਾ ਇਹ ਗੱਠਜੋੜ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਮਕਸਦ ਨਾਲ ਬਣਾਇਆ ਗਿਆ ਹੈ।

ਬਿਲਾਵਲ ਨੇ ਟਵੀਟ 'ਚ ਕਿਹਾ ਕਿ ਕੌਮੀ ਅਸੈਂਬਲੀ ਦੇ ਸਪੀਕਰ ਅਤੇ ਸੰਘੀ ਮੰਤਰੀਆਂ ਦਾ ਗਿਲਗਿਤ-ਬਾਲਤਿਸਤਾਨ ਦੀ ਚੋਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਇਸ ਚੋਣ ਵਿਚ ਸੰਘੀ ਸਰਕਾਰ ਦੀ ਦਖਲਅੰਦਾਜ਼ੀ ਦੀ ਨਿੰਦਾ ਕਰਦੇ ਹਾਂ। ਨਿਰਪੱਖ ਚੋਣ ਦੀ ਸਾਡੀ ਮੰਗ ਪੂਰੀ ਹੋਣ 'ਤੇ ਹੀ ਮੇਰੀ ਪਾਰਟੀ ਇਸ ਚੋਣ ਵਿਚ ਹਿੱਸਾ ਲਵੇਗੀ। ਪਿਛਲੇ ਹਫ਼ਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ 15 ਨਵੰਬਰ ਨੂੰ ਗਿਲਗਿਤ-ਬਾਲਤਿਸਤਾਨ 'ਚ ਵਿਧਾਨ ਸਭਾ ਚੋਣ ਕਰਵਾਉਣ ਦਾ ਐਲਾਨ ਕੀਤਾ ਸੀ।