ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਵਿਰੋਧੀ ਧਿਰ ਦੇ ਆਗੂ ਤੇ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਸੱਤ ਅਰਬ ਰੁਪਏ ਦੇ ਮਨੀ ਲਾਂਡਿ੍ੰਗ ਮਾਮਲੇ 'ਚ ਸੋਮਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਲਾਹੌਰ ਹਾਈ ਕੋਰਟ ਤੋਂ ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਹੋਈ। ਇਹ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਇਕਜੁੱਟਤਾ ਤੋਂ ਬਾਅਦ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਸ਼ਾਹਬਾਜ਼ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹੈ। ਉਹ ਸਾਲ 2008 ਤੋਂ 2018 ਤਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ ਹਨ।

ਪਾਕਿਸਤਾਨ ਦੀ ਭਿ੍ਸ਼ਟਾਚਾਰ ਰੋਕੂ ਏਜੰਸੀ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ 69 ਸਾਲਾ ਸ਼ਾਹਬਾਜ਼ ਨੂੰ ਕੋਰਟ ਕੰਪਲੈਕਸ ਤੋਂ ਆਪਣੀ ਹਿਰਾਸਤ 'ਚ ਲਿਆ। ਇਮਰਾਨ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਬੀਤੇ ਹਫ਼ਤੇ ਮਨੀ ਲਾਂਡਿ੍ੰਗ ਦਾ ਮੁਕੱਦਮਾ ਦਾਇਰ ਕਰਵਾਇਆ ਸੀ। ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਬੀਤੇ ਬੁੱਧਵਾਰ ਨੂੰ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਤੇ ਸਲਮਾਨ ਮਨੀ ਲਾਂਡਿ੍ੰਗ 'ਚ ਸ਼ਾਮਲ ਪਾਏ ਗਏ ਹਨ। ਸ਼ਾਹਬਾਜ਼ ਤੇ ਉਨ੍ਹਾਂ ਦੇ ਪੁੱਤਰਾਂ ਦੇ ਬੈਂਕ ਖਾਤਿਆਂ ਵਿਚੋਂ 177 ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਮਿਲਣ 'ਤੇ ਐੱਨਏਬੀ ਨੇ ਜਾਂਚ ਸ਼ੁਰੂ ਕੀਤੀ ਸੀ। ਸ਼ਾਹਬਾਜ਼ ਨੇ ਗਿ੍ਫ਼ਤਾਰੀ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉਨ੍ਹਾਂ ਨੂੰ ਸੀਖਾਂ ਪਿੱਛੇ ਡੱਕਣਾ ਚਾਹੁੰਦੇ ਹਨ। ਇਧਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੱੁਟੋ ਜ਼ਰਦਾਰੀ ਨੇ ਸ਼ਾਹਬਾਜ਼ ਦੀ ਗਿ੍ਫ਼ਤਾਰੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਮਰਾਨ ਖ਼ਾਨ ਵਿਰੋਧੀ ਪਾਰਟੀਆਂ ਦੇ ਗੱਠਜੋੜ ਤੋਂ ਘਬਰਾ ਗਿਆ ਹੈ। ਇਮਰਾਨ ਸਰਕਾਰ ਨੂੰ ਹਟਾਉਣ ਲਈ ਇਹ ਗੱਠਜੋੜ ਰਾਸ਼ਟਰ ਵਿਆਪੀ ਅੰਦੋਲਨ ਸ਼ੁਰੂ ਕਰੇਗਾ।