ਜਾਗਰਣ ਬਿਊਰੋ, ਨਵੀਂ ਦਿੱਲੀ : ਪਾਕਿਸਤਾਨ ਨੇ ਸਾਢੇ ਚਾਰ ਮਹੀਨੇ ਤੋਂ ਬੰਦ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਵਾਈ ਸੇਵਾਵਾਂ ਮੰਗਲਵਾਰ ਤੋਂ ਦੁਬਾਰਾ ਬਹਾਲ ਹੋ ਗਈਆਂ ਜਿਸ ਵਿਚ ਬਿ੍ਟਿਸ਼ ਏਅਰਵੇਜ਼ ਨੇ ਪਾਕਿਸਤਾਨ ਰਾਹੀਂ ਪਹਿਲੀ ਉਡਾਣ ਭਰੀ। ਇਸ ਨਾਲ ਭਾਰੀ ਵਿੱਤੀ ਸੰਕਟ ਨਾਲ ਜੂਝ ਰਹੀ ਸਰਕਾਰੀ ਜਹਾਜ਼ਰਾਨੀ ਕੰਪਨੀ ਏਅਰ ਇੰਡੀਆ ਨੂੰ ਵੀ ਰਾਹਤ ਮਿਲੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਰੋਜ਼ਾਨਾ 20 ਲੱਖ ਰੁਪਏ ਦੀ ਬੱਚਤ ਹੋਵੇਗੀ। ਸਮਿਝਆ ਜਾਂਦਾ ਹੈ ਕਿ ਕਰਤਾਰਪੁਰ ਲਾਂਘੇ ਲਈ ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਵਿਚਕਾਰ ਹੋਈ ਗੱਲਬਾਤ ਵਿਚ ਹਵਾਈ ਮਾਰਗ ਨੂੰ ਖੋਲ੍ਹਣ ਦਾ ਮੁੱਦਾ ਉੱਠਿਆ ਸੀ ਜਿਸ ਪਿੱਛੋਂ ਹੀ ਪਾਕਿਸਤਾਨ ਹਵਾਈ ਖੇਤਰ ਖੋਲ੍ਹਣ ਲਈ ਰਾਜ਼ੀ ਹੋਇਆ ਹੈ।

ਪੁਲਵਾਮਾ ਹਮਲੇ ਪਿੱਛੋਂ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਹਮਲਾ ਕੀਤਾ ਸੀ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ। ਹੁਣ ਇਸ ਦੇ ਖੁੱਲਣ ਨਾਲ ਉਨ੍ਹਾਂ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਯੂਰਪ ਅਤੇ ਅਮਰੀਕਾ ਦੀਆਂ ਆਪਣੀਆਂ ਕੌਮਾਂਤਰੀ ਉਡਾਣਾਂ ਲਈ ਲੰਬੇ ਹਵਾਈ ਮਾਰਗ ਦੀ ਵਰਤੋਂ ਕਰਨੀ ਪੈ ਰਹੀ ਸੀ। ਇਸ ਦੇ ਇਲਾਵਾ ਦੱਖਣੀ ਏਸ਼ੀਆ ਲਈ ਉਡਾਣਾਂ ਭਰਨ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਨੇ ਵੀ ਰਾਹਤ ਦੀ ਸਾਹ ਲਈ ਹੈ।

ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਮੰਗਲਵਾਰ ਨੂੰ 12.41 ਵਜੇ (ਆਈਐੱਸਟੀ) ਹਵਾਈ ਮਾਰਗ ਖੋਲ੍ਹੇ ਜਾਣ ਦਾ ਨੋਟਿਸ ਟੂ ਏਅਰਮੈਨ (ਨੋਟਮ) ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ 'ਪਾਕਿਸਤਾਨ ਦਾ ਹਵਾਈ ਮਾਰਗ ਤੁਰੰਤ ਪੁ੍ਭਾਵ ਤੋਂ ਹਰ ਤਰ੍ਹਾਂ ਦੇ ਜਹਾਜ਼ਾਂ ਅਤੇ ਪ੍ਰਕਾਸ਼ਿਤ ਏਅਰ ਟ੍ਰੈਫਿਕ ਸੇਵਾ ਰੂਟਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਇਸ ਕਦਮ ਦੇ ਨਾਲ ਹੀ ਭਾਰਤ ਨੇ ਵੀ ਪਾਕਿਸਤਾਨ ਨਾਲ ਹਵਾਈ ਸੇਵਾਵਾਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਦੋਵਾਂ ਪਾਸਿਉਂ ਸਾਰੇ ਉਡਾਣ ਮਾਰਗਾਂ 'ਤੇ ਹਵਾਈ ਆਵਾਜਾਈ ਬਹਾਲ ਹੋ ਗਈ ਹੈ।

ਪਾਕਿਸਤਾਨੀ ਹਵਾਈ ਮਾਰਗ ਖੁੱਲਣ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਏਅਰ ਇੰਡੀਆ ਨੂੰ ਹੋਵੇਗਾ ਜਿਸ ਨੂੰ ਆਪਣੀਆਂ ਯੂਰਪੀ ਅਤੇ ਅਮਰੀਕੀ ਉਡਾਣਾਂ ਲਈ ਲੰਬਾ ਰੂਟ ਅਪਣਾਉਣ ਕਾਰਨ ਤਿੰਨ ਜੁਲਾਈ ਤਕ 491 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ ਜਦਕਿ ਸਪਾਈਸ ਜੈੱਟ, ਇੰਡੀਗੋ ਅਤੇ ਗੋ ਏਅਰ ਨੂੰ ਕ੍ਰਮਵਾਰ 30.73 ਕਰੋੜ, 25.1 ਕਰੋੜ ਅਤੇ 2.1 ਕਰੋੜ ਰੁਪਏ ਦੀ ਨੁਕਸਾਨ ਝੱਲਣਾ ਪਿਆ ਹੈ।

ਭਾਰਤੀ ਹਵਾਈ ਫ਼ੌਜ ਵੱਲੋਂ 31 ਮਈ ਨੂੰ ਹੀ ਭਾਰਤੀ ਹਵਾਈ ਮਾਰਗ 'ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਹਟਾਏ ਜਾਣ ਦਾ ਐਲਾਨ ਕੀਤਾ ਸੀ। ਉਸ ਪਿੱਛੋਂ ਪਾਕਿਸਤਾਨ ਨੇ ਸਿਰਫ਼ ਦੱਖਣੀ ਹਿੱਸੇ ਦੇ 11 ਰੂਟ ਖੋਲ੍ਹੇ ਸਨ ਪ੍ਰੰਤੂ ਜ਼ਿਆਦਾਤਰ ਭਾਰਤੀ ਏਅਰਲਾਈਨਾਂ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਪਾਕਿ ਵੱਲੋਂ ਹਵਾਈ ਮਾਰਗ ਬੰਦ ਕਰਨ ਕਾਰਨ ਇੰਡੀਗੋ ਨੂੰ ਮਾਰਚ ਮਹੀਨੇ ਤੋਂ ਦਿੱਲੀ ਅਤੇ ਇਸਤਾਂਬੁਲ ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਦਾ ਇਰਾਦਾ ਛੱਡਣਾ ਪਿਆ ਸੀ ਅਤੇ ਦੋਹਾ ਰਾਹੀਂ ਉਡਾਣਾਂ ਦਾ ਸੰਚਾਲਨ ਕਰਨਾ ਪਿਆ।