ਪਰਮਜੀਤ ਸਿੰਘ ਸਾਸਨ

________________

ਜਿਓ ਦੇ ਇਕ ਕਾਮੇਡੀ ਟੈਲੀਵਿਜ਼ਨ ਪ੍ਰਰੋਗਰਾਮ ਵਿਚ ਸਿੰਧ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਭੜਕੇ ਪ੍ਰਦਰਸ਼ਨਕਾਰੀਆਂ ਨੇ ਜਿਓ ਤੇ ਜੰਗ ਗਰੁੱਪ ਦੇ ਕਰਾਚੀ ਸਥਿਤ ਦਫ਼ਤਰ ਦੀ ਭੰਨਤੋੜ ਕੀਤੀ ਤੇ ਉੱਥੇ ਮੌਜੂਦ ਸਟਾਫ ਨਾਲ ਕੁੱਟਮਾਰ ਕੀਤੀ। ਦਰਜਨ ਭਰ ਪ੍ਰਦਰਸ਼ਨਕਾਰੀ ਚੁੰਦਰੀਗਰ ਰੋਡ ਸਥਿਤ ਜਿਓ ਨਿਊਜ਼ ਦੇ ਦਫ਼ਤਰ 'ਚ ਦਾਖ਼ਲ ਹੋਏ ਤੇ ਭੰਨਤੋੜ ਸ਼ੁਰੂ ਕਰ ਦਿੱਤੀ। ਟੀਵੀ ਫੁਟੇਜ ਵਿਚ ਰਿਸੈਪਸ਼ਨ ਦੇ ਟੁੱਟੇ ਸ਼ੀਸ਼ੇ ਦਿਖਾਏ ਗਏ ਹਨ। ਚੈਨਲ ਨੇ 'ਖ਼ਬਰਨਾਕ' ਪ੍ਰੋਗਰਾਮ ਦੇ ਐਂਕਰ ਇਰਸ਼ਾਦ ਭੱਟੀ ਦਾ ਸਪੱਸ਼ਟੀਕਰਨ ਵੀ ਪ੍ਰਸਾਰਿਤ ਕੀਤਾ। ਸਪੱਸ਼ਟੀਕਰਨ ਵਿਚ ਭੱਟੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿੰਧ ਸੂਬੇ ਤੇ ਸਿੰਧੀ ਬੋਲੀ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜਿਓ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਅਜ਼ਹਰ ਅੱਬਾਸ ਨੇ ਇਸ ਭੰਨਤੋੜ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਸਟਾਫ ਤੇ ਕੈਮਰਾਮੈਨ ਦੀ ਕੁੱਟਮਾਰ ਕੀਤੀ ਗਈ ਤੇ ਦਫ਼ਤਰ ਦੀ ਭੰਨਤੋੜ ਕੀਤੀ ਗਈ, ਹੁਣ ਸਰਕਾਰ ਕਿੱਥੇ ਹੈ ਜੋ ਮੀਡੀਆ ਅਦਾਰਿਆਂ ਨੂੰ ਪੂਰੀ ਸੁਰੱਖਿਆ ਵੀ ਪ੍ਰਦਾਨ ਨਹੀਂ ਕਰ ਸਕਦੀ। ਮੀਡੀਆ ਗਰੁੱਪ ਨਾਲ ਜੁੜੀ ਇਕ ਪੱਤਰਕਾਰ ਜ਼ੇਬੂਨਿਸਾ ਬਰਕੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਭੰਨਤੋੜ ਕਰਦੇ ਰਹੇ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ।

ਇਮਰਾਨ ਦੀ ਮੀਟਿੰਗ 'ਚੋਂ 22 ਪਾਰਟੀ ਵਿਧਾਇਕ ਗ਼ਾਇਬ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਖ਼ੈਬਰ ਪਖਤੂਨਖਵਾ ਵਿਚ ਰੱਖੀ ਮੀਟਿੰਗ ਵਿੱਚੋਂ ਪਾਰਟੀ ਦੇ 22 ਵਿਧਾਇਕ ਗ਼ਾਇਬ ਰਹੇ। ਸੂਬੇ ਦੇ ਨੌਸ਼ਹਿਰਾ ਹਲਕੇ ਦੀ ਚੋਣ ਵਿਚ ਪਾਰਟੀ ਦੀ ਹੋਈ ਹਾਰ ਪਿੱਛੋਂ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਵਿਧਾਇਕਾਂ ਦੀ ਮੀਟਿੰਗ ਰੱਖੀ ਸੀ। ਇਸ ਚੋਣ ਵਿਚ ਨਵਾਜ਼ ਸ਼ਰੀਫ ਦੀ ਪਾਰਟੀ ਪੀਐੱਮਐੱਲ-ਐੱਨ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਸੂਬੇ ਵਿਚ ਇਮਰਾਨ ਖ਼ਾਨ ਦੀ ਪਾਰਟੀ ਦੀ ਸਰਕਾਰ ਹੈ। ਪ੍ਰਰਾਪਤ ਰਿਪੋਰਟਾਂ ਅਨੁਸਾਰ ਪੀਟੀਆਈ ਨੇ ਇਹ ਚੋਣ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਹਾਰੀ ਹੈ। ਰੱਖਿਆ ਮੰਤਰੀ ਪਰਵੇਜ਼ ਖੱਟਕ ਦੇ ਭਰਾ 'ਤੇ ਇਹ ਚੋਣ ਹਰਾਉਣ ਦਾ ਦੋਸ਼ ਲੱਗ ਰਿਹਾ ਹੈ ਜਿਸ ਨੇ ਪੁੱਤਰ ਨੂੰ ਟਿਕਟ ਨਾ ਮਿਲਣ ਕਾਰਨ ਪਾਰਟੀ ਦਾ ਖੁੱਲ ਕੇ ਵਿਰੋਧ ਕੀਤਾ। ਮੀਟਿੰਗ ਵਿਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ ਨੇ ਇਸ ਦਾ ਕਾਰਨ ਪਹਿਲਾਂ ਤੋਂ ਰੱਖੇ ਰੁਝੇਵੇਂ ਦੱਸੇ ਹਨ।

ਅਮਰੀਕੀ ਡਾਲਰ 159.60 ਰੁਪਏ 'ਤੇ ਪੁੱਜਾ

ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਿਚ ਰੁਪਏ ਦੀ ਕੀਮਤ ਬਹੁਤ ਹੇਠਾਂ ਚਲੀ ਗਈ ਹੈ। ਇਕ ਅਮਰੀਕੀ ਡਾਲਰ ਦੀ ਵੈਲਿਊ ਇਸ ਸਮੇਂ 159.60 ਰੁਪਏ 'ਤੇ ਪੁੱਜ ਗਈ ਹੈ ਜੋਕਿ ਹੁਣ ਤਕ ਦੇ ਰਿਕਾਰਡ ਪੱਧਰ 'ਤੇ ਹੈ। ਪਾਕਿਸਤਾਨ ਦੀ ਇਹ ਸਥਿਤੀ ਉਸ ਸਮੇਂ ਹੋਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਐੱਫਏਟੀਐੱਫ ਦੀ ਪੈਰਿਸ ਵਿਚ 22 ਤੋਂ 25 ਫਰਵਰੀ ਤਕ ਅੱਤਵਾਦ ਫੰਡਿੰਗ ਬਾਰੇ ਮੀਟਿੰਗ ਹੋ ਰਹੀ ਹੈ। ਐੱਫਏਟੀਐੱਫ ਨੇ ਇਸ ਸਮੇਂ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚ ਪਾਇਆ ਹੋਇਆ ਹੈ ਤੇ ਜੇਕਰ ਉਸ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵਿਦੇਸ਼ਾਂ ਤੋਂ ਮਿਲਣ ਵਾਲਾ ਕਰਜ਼ਾ ਬਿਲਕੁਲ ਬੰਦ ਹੋ ਜਾਵੇਗਾ ਤੇ ਉਸ ਦਾ ਅਰਥਚਾਰਾ ਗੜਬੜਾ ਜਾਵੇਗਾ।

ਇਮਰਾਨ ਨੇ ਭਾਰਤੀ ਹਵਾਈ ਖੇਤਰ ਦੀ ਕੀਤੀ ਵਰਤੋਂ

ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮੰਗਲਵਾਰ ਨੂੰ ਇਮਰਾਨ ਖ਼ਾਨ ਸ੍ਰੀਲੰਕਾ ਦੇ ਦੋ ਰੋਜ਼ਾ ਦੌਰੇ 'ਤੇ ਗਏ ਹਨ। ਜੇਕਰ ਭਾਰਤ ਇਹ ਇਜਾਜ਼ਤ ਨਾ ਦਿੰਦਾ ਤਾਂ ਇਮਰਾਨ ਦੇ ਜਹਾਜ਼ ਨੂੰ ਦੂਜੇ ਦੇਸ਼ਾਂ ਤੋਂ ਘੁੰਮ ਕੇ ਸ੍ਰੀਲੰਕਾ ਜਾਣਾ ਪੈਣਾ ਸੀ। ਸ੍ਰੀਲੰਕਾ ਨੇ ਪਹਿਲਾਂ ਹੀ ਇਮਰਾਨ ਦਾ ਸੰਸਦ ਵਿਚ ਪ੍ਰਸਤਾਵਿਤ ਭਾਸ਼ਣ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ 'ਚ ਚਰਚਾ ਹੈ ਕਿ ਸ੍ਰੀਲੰਕਾ ਨੇ ਅਜਿਹਾ ਭਾਰਤ ਦੇ ਦਬਾਅ ਕਾਰਨ ਕੀਤਾ ਹੈ। ਜ਼ਿਕਰਯੋਗ ਹੈ ਕਿ 2 ਸਾਲ ਪਹਿਲੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਤੋਂ ਨਾਂਹ ਕਰ ਦਿੱਤੀ ਸੀ। ਤਦ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਸਾਊਦੀ ਅਰਬ ਦੇ ਦੌਰੇ 'ਤੇ ਜਾਣਾ ਸੀ। ਉਸ ਸਮੇਂ ਪਾਕਿਸਤਾਨ ਨੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਇਸ ਦਾ ਕਾਰਨ ਦੱਸਿਆ ਸੀ।