ਪਰਮਜੀਤ ਸਿੰਘ ਸਾਸਨ

---------------------------

ਨਵੀਂ ਦਿੱਲੀ ਦੀ ਹੱਦ 'ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਜਿੱਥੇ ਪੰਜਾਬੀ ਗਾਇਕਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਹੈ ਉੱਥੇ ਲਹਿੰਦੇ ਪੰਜਾਬ ਦੇ ਪੰਜਾਬੀ ਗਾਇਕ ਜਾਵੇਦ ਅਹਿਮਦ ਨੇ ਵੀ ਭਾਰਤੀ ਕਿਸਾਨਾਂ ਦੇ ਹੱਕ 'ਚ 'ਕਿਸਾਨਾ' ਗਾਣਾ ਗਾਇਆ ਹੈ। ਤਿੰਨ ਮਿੰਟ ਦੀ ਜਾਰੀ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਵਿਚ ਨਾ ਕੇਵਲ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਹੈ ਸਗੋਂ ਦੇਸ਼ ਦੇ ਅੰਨ ਭੰਡਾਰ ਵਿਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਭਾਰਤੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਜਾਵੇਦ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਵੀ ਕਿਸਾਨਾਂ ਦੀ ਹਾਲਤ ਭਾਰਤ ਵਰਗੀ ਹੀ ਹੈ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਕੰਵਰ ਗਰੇਵਾਲ, ਹਰਭਜਨ ਮਾਨ, ਦੀਪ ਸਿੱਧੂ, ਜਸ ਬਾਜਵਾ ਤੇ ਹਿੰਮਤ ਸੰਧੂ ਨੇ ਧਰਨੇ ਵਾਲੇ ਸਥਾਨ 'ਤੇ ਪੱੁਜ ਕੇ ਕਿਸਾਨਾਂ ਦਾ ਹੌਸਲਾ ਵਧਾਇਆ ਹੈ। ਜਾਵੇਦ ਨੇ ਕਿਹਾ ਕਿ ਉਸ ਨੇ 'ਕਿਸਾਨਾ' ਗਾਣਾ ਤਾਂ ਬਣਾਇਆ ਹੈ ਤਾਂਕਿ ਵਿਦੇਸ਼ਾਂ ਤੋਂ ਵੀ ਭਾਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਮਰਥਨ ਮਿਲ ਸਕੇ। ਤਮਗਾ-ਏ-ਇਮਤਿਆਜ਼, ਸਿਤਾਰਾ-ਏ-ਏਸਰ ਤੇ ਮਨੁੱਖੀ ਅਧਿਕਾਰਾਂ ਬਾਰੇ ਪੁਰਸਕਾਰ ਹਾਸਲ ਕਰਨ ਵਾਲੇ ਜਾਵੇਦ ਬਰਾਬਰੀ ਪਾਰਟੀ ਪਾਕਿਸਤਾਨ ਦੇ ਚੇਅਰਮੈਨ ਹਨ।

ਪੋਲਟਰੀ ਸੈਕਟਰ ਮੰਦੇ ਦਾ ਸ਼ਿਕਾਰ

ਪਾਕਿਸਤਾਨ ਵਿਚ ਪੋਲਟਰੀ ਸੈਕਟਰ ਮੰਦੇ ਦਾ ਸ਼ਿਕਾਰ ਹੈ। ਸਰਕਾਰ ਵੱਲੋਂ ਚਿਕਨ ਤੇ ਆਂਡੇ ਦੀਆਂ ਕੀਮਤਾਂ ਲਾਗੂ ਕਰਨ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਕਾਰਨ ਪੋਲਟਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ਘਾਟਾ ਪੈ ਰਿਹਾ ਹੈ। ਚਿਕਨ ਦੀਆਂ ਕੀਮਤਾਂ ਇਸ ਦੀ ਬਾਜ਼ਾਰ ਸਪਲਾਈ 'ਤੇ ਨਿਰਭਰ ਕਰਦੀਆਂ ਹਨ। ਫਾਰਮਿੰਗ ਦਾ ਕੰਮ ਕਰਨ ਵਾਲਿਆਂ ਨੂੰ ਘੱਟ ਕੀਮਤ 'ਤੇ ਚਿਕਨ ਵੇਚਣਾ ਪੈ ਰਿਹਾ ਹੈ। ਦੇਸ਼ ਵਿਚ ਪੋਲਟਰੀ ਸੈਕਟਰ 800 ਅਰਬ ਦਾ ਕਾਰੋਬਾਰ ਕਰਦਾ ਹੈ ਤੇ ਇਸ ਤੋਂ 15 ਲੱਖ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲਦਾ ਹੈ। ਪਾਕਿ 'ਚ 1,322 ਮਿਲੀਅਨ ਕਿੱਲੋ ਚਿਕਨ ਮੀਟ ਤੇ 17,500 ਮਿਲੀਅਨ ਆਂਡਿਆਂ ਦਾ ਸਾਲਾਨਾ ਕਾਰੋਬਾਰ ਹੁੰਦਾ ਹੈ। ਚਿਕਨ ਮੀਟ ਦਾ ਉਤਪਾਦਨ ਖ਼ਰਚ 180 ਰੁਪਏ ਪ੍ਰਤੀ ਕਿੱਲੋ ਪੈਂਦਾ ਹੈ ਤੇ ਇਹ ਬਾਜ਼ਾਰ ਵਿਚ 265 ਰੁਪਏ ਕਿੱਲੋ ਤਕ ਵਿੱਕਦਾ ਹੈ। ਮਹਿੰਗੀ ਖ਼ੁਰਾਕ ਤੇ ਵੱਧ ਰਹੇ ਖ਼ਰਚਿਆਂ ਕਾਰਨ ਦੇਸ਼ ਵਿਚ 30-35 ਫ਼ੀਸਦੀ ਪੋਲਟਰੀ ਫਾਰਮ ਘਾਟੇ ਕਾਰਨ ਪਿਛਲੇ ਕੁਝ ਮਹੀਨਿਆਂ ਵਿਚ ਬੰਦ ਹੋ ਗਏ ਹਨ। ਪਿਛਲੇ ਸਾਲ ਦੇਸ਼ ਵਿਚ ਚਿਕਨ ਦੀ ਮੰਗ 30-35 ਫ਼ੀਸਦੀ ਤਕ ਘਟੀ ਸੀ ਜਿਸ ਕਾਰਨ ਪੋਲਟਰੀ ਫਾਰਮ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਘਾਟਾ ਪਿਆ ਹੈ।

ਲਾਹੌਰ ਵਿਸ਼ਵ ਦੇ 52 ਸੈਲਾਨੀ ਕੇਂਦਰਾਂ 'ਚ ਸ਼ਾਮਲ

ਲਹਿੰਦੇ ਪੰਜਾਬ ਦੇ ਲਾਹੌਰ ਸ਼ਹਿਰ ਨੂੰ ਵਿਸ਼ਵ ਦੇ 52 ਸੈਲਾਨੀ ਕੇਂਦਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਸੈਲਾਨੀ ਹਮੇਸ਼ਾ ਵੇਖਣ ਦੇ ਇੱਛੁਕ ਰਹਿੰਦੇ ਹਨ। ਅਮਰੀਕਾ ਦੇ ਇਕ ਅਖ਼ਬਾਰ ਨੇ 2,000 ਪਾਠਕਾਂ ਵੱਲੋਂ ਦਿੱਤੇ ਗਏ ਸੁਝਾਵਾਂ ਤੋਂ ਇਹ ਸੂਚੀ ਤਿਆਰ ਕੀਤੀ ਹੈ। ਇਸ ਤੋਂ ਪਹਿਲੇ ਫੋਰਬਸ ਵਰਗੇ ਮੈਗਜ਼ੀਨ ਨੇ ਵੀ ਲਾਹੌਰ ਨੂੰ ਵੇਖਣਯੋਗ ਸੈਲਾਨੀ ਕੇਂਦਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਇਕ ਪਾਠਕ ਨੇ ਕਿਹਾ ਕਿ ਸਰਦੀਆਂ ਵਿਚ ਲਾਹੌਰ ਦੀ ਸੈਰ ਕਰਨ ਦਾ ਆਪਣਾ ਮਜ਼ਾ ਹੈ। ਇਕ ਹੋਰ ਪਾਠਕ ਨੇ ਕਿਹਾ ਕਿ ਲਾਹੌਰ ਆਪਣੇ ਸੱਭਿਆਚਾਰ, ਇਤਿਹਾਸ ਤੇ ਪ੍ਰਰਾਹੁਣਾਚਾਰੀ ਲਈ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ।

ਪੋਲੀਓ ਮੁਹਿੰਮ ਦੌਰਾਨ ਪੁਲਿਸ ਦੇ ਇਕ ਜਵਾਨ ਦੀ ਹੱਤਿਆ

ਪਾਕਿਸਤਾਨ ਵਿਚ ਸੋਮਵਾਰ ਤੋਂ ਪੋਲੀਓ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਖ਼ੈਬਰ ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਦੇ ਲਤਮਬਾਰ ਖੇਤਰ ਵਿਚ ਪੋਲੀਓ ਪਾਰਟੀ 'ਤੇ ਕੀਤੇ ਗਏ ਹਮਲੇ ਵਿਚ ਪੁਲਿਸ ਦੇ ਇਕ ਜਵਾਨ ਦੀ ਮੌਤ ਹੋ ਗਈ। ਪਿਛਲੇ ਸਾਲ ਵੀ ਪੋਲੀਓ ਮੁਹਿੰਮ ਚਲਾਈ ਗਈ ਸੀ ਪ੍ਰੰਤੂ ਅਗਸਤ ਮਹੀਨੇ 'ਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਇਸ ਵਾਰ ਦੇਸ਼ ਦੇ ਚਾਰ ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਪੋਲੀਓ ਰੋਕੂ ਮੁਹਿੰਮ ਦੇ ਬੁਲਾਰੇ ਜ਼ੁਲਫਿਕਾਰ ਬਾਬਾਖੇਲ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਵੀ ਪਾਲਣ ਕੀਤਾ ਜਾਵੇਗਾ। ਬੱਚਿਆਂ 'ਚ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਨੂੰ ਪੋਲੀਓ ਰੋਕੂ ਬੂੰਦਾਂ ਦੇ ਨਾਲ ਵਿਟਾਮਿਨ ਏ ਦੀਆਂ ਬੂੰਦਾਂ ਵੀ ਪਿਆਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੋਲੀਓ ਵਰਕਰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਆਉਣਗੇ ਤੇ ਉਨ੍ਹਾਂ ਹੱਥਾਂ ਵਿਚ ਦਸਤਾਨੇ ਤੇ ਫੇਸ ਮਾਸਕ ਪਾਇਆ ਹੋਵੇਗਾ। ਪੋਲੀਓ ਰੋਕੂ ਮੁਹਿੰਮ ਨੂੰ ਸਫਲ ਬਣਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਹੀ ਅਜਿਹੇ ਖੇਤਰ ਹਨ ਜਿੱਥੇ ਪੋਲੀਓ ਦੀ ਬਿਮਾਰੀ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਕੀਤਾ ਜਾ ਸਕਿਆ।