ਪਰਮਜੀਤ ਸਿੰਘ ਸਾਸਨ

-------------------------

ਪਾਕਿਸਤਾਨ ਨੇ ਨਵੀਂ ਬਣੀ ਗਵਾਦਰ ਬੰਦਰਗਾਹ ਤੋਂ ਅਫ਼ਗਾਨਿਸਤਾਨ ਨਾਲ ਵਪਾਰ ਸ਼ੁਰੂ ਕਰ ਦਿੱਤਾ ਹੈ। 16,400 ਟਨ ਡੀਏਪੀ ਖਾਦ ਲੈ ਕੇ ਪਹਿਲਾ ਜਹਾਜ਼ ਅਫ਼ਗਾਨਿਸਤਾਨ ਲਈ ਰਵਾਨਾ ਹੋਇਆ। ਇਹ ਜਹਾਜ਼ ਡੀਏਪੀ ਖਾਦ ਆਸਟ੍ਰੇਲੀਆ ਤੋਂ ਲੈ ਕੇ ਆਇਆ ਸੀ ਤੇ ਕੁਝ ਸਮੇਂ ਲਈ ਗਵਾਦਰ ਬੰਦਰਗਾਹ 'ਤੇ ਉਸ ਨੇ ਲੰਗਰ ਸੁੱਟੇ ਸਨ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਅਫ਼ਗਾਨਿਸਤਾਨ ਲਈ ਪਹਿਲੀ ਖੇਪ ਗਵਾਦਰ ਬੰਦਰਗਾਹ ਤੋਂ ਭੇਜੀ ਹੈ। ਗਵਾਦਰ ਪੋਰਟ ਅਥਾਰਟੀ ਦੇ ਚੇਅਰਮੈਨ ਨਸੀਰ ਅਹਿਮਦ ਕਸ਼ਾਨੀ ਨੇ ਕਿਹਾ ਕਿ ਯੂਰੀਆ ਨਾਲ ਭਰੇ ਜਹਾਜ਼ ਦੇ ਗਵਾਦਰ ਤੋਂ ਰਵਾਨਾ ਹੋਣ ਦੇ ਨਾਲ ਹੀ ਅਫ਼ਗਾਨਿਸਤਾਨ ਨਾਲ ਵਪਾਰ ਦੀ ਸ਼ੁਰੂਆਤ ਹੋ ਗਈ ਹੈ। ਕਸ਼ਾਨੀ ਨੇ ਦੱਸਿਆ ਕਿ ਇਕ ਹੋਰ ਜਹਾਜ਼ ਜਿਸ ਵਿਚ 16 ਹਜ਼ਾਰ ਟਨ ਯੂਰੀਆ ਅਤੇ 50 ਹਜ਼ਾਰ ਟਨ ਖੰਡ ਅਤੇ ਕਣਕ ਹੈ, ਅਗਲੇ ਮਹੀਨੇ ਗਵਾਦਰ ਬੰਦਰਗਾਹ 'ਤੇ ਪੁੱਜੇਗਾ। ਉਨ੍ਹਾਂ ਦੱਸਿਆ ਕਿ ਯੂਰੀਆ ਦੀ ਖੇਪ ਗਵਾਦਰ ਤੋਂ ਸੜਕੀ ਰਸਤੇ ਅਫ਼ਗਾਨਿਸਤਾਨ ਭੇਜੀ ਜਾਵੇਗੀ। ਕਸ਼ਾਨੀ ਨੇ ਦੱਸਿਆ ਕਿ ਇਹ ਵਪਾਰ ਸ਼ੁਰੂ ਹੋਣ ਨਾਲ ਗਵਾਦਰ ਅਤੇ ਮਕਰਾਨ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਵ੍ਹਾਂ ਦੱਸਿਆ ਕਿ ਇਸ ਨਾਲ ਸਥਾਨਕ ਟ੍ਾਂਸਪੋਰਟਰਾਂ ਦੇ ਕਾਰੋਬਾਰ ਵਿਚ ਵੀ ਕਾਫ਼ੀ ਵਾਧਾ ਹੋਵੇਗਾ।

ਪਾਕਿਸਤਾਨ 'ਚ ਆਟਾ ਮਹਿੰਗਾ ਪੈਟਰੋਲ ਸਸਤਾ

ਪਾਕਿਸਤਾਨ ਵਿਚ ਕਣਕ ਦੀ ਕਮੀ ਕਾਰਨ ਆਟੇ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। 40 ਕਿੱਲੋ ਆਟੇ ਦੀ ਕੀਮਤ 'ਚ 230 ਰੁਪਏ ਦਾ ਵਾਧਾ ਕੀਤਾ ਗਿਆ ਹੈ। 20 ਕਿੱਲੋ ਆਟੇ ਦਾ ਬੈਗ ਹੁਣ 900 ਰੁਪਏ ਵਿਚ ਮਿਲ ਰਿਹਾ ਹੈ ਜਦਕਿ ਪਹਿਲੇ ਇਸ ਦੀ ਕੀਮਤ 785 ਰੁਪਏ ਸੀ। 40 ਕਿੱਲੋ ਆਟੇ ਦਾ ਬੈਗ ਹੁਣ 1,600 ਰੁਪਏ ਵਿਚ ਵਿੱਕ ਰਿਹਾ ਹੈ। ਆਟਾ ਚੱਕੀ ਮਾਲਕਾਂ ਦਾ ਕਹਿਣਾ ਹੈ ਕਿ ਰਮਜ਼ਾਨ ਦਾ ਮਹੀਨਾ ਹੋਣ ਕਰਕੇ ਪਿਛਲੇ ਮਹੀਨੇ ਆਟੇ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਗਿਆ ਸੀ। ਇਸ ਦੌਰਾਨ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਣਕ ਦੀ ਕਮੀ ਦਾ ਹਊਆ ਖੜ੍ਹਾ ਕਰ ਕੇ ਆਟਾ ਮਿੱਲ ਮਾਲਕ ਆਟੇ ਦਾ ਭਾਅ ਵਧਾ ਰਹੇ ਹਨ ਤੇ ਜਮ੍ਹਾਂਖੋਰਾਂ ਖ਼ਿਲਾਫ਼ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ। ਇਸ ਦੌਰਾਨ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ (ਓਗਰਾ) ਨੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਜੂਨ ਮਹੀਨੇ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਖਪਤਕਾਰਾਂ ਨੂੰ ਫ਼ਾਇਦਾ ਦੇਣ ਦਾ ਫ਼ੈਸਲਾ ਕੀਤਾ ਹੈ। ਪੈਟਰੋਲ ਦੀ ਕੀਮਤ ਵਿਚ 7 ਰੁਪਏ ਜਦਕਿ ਹਾਈ ਸਪੀਡ ਡੀਜ਼ਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਦੀ ਕਮੀ ਦਾ ਫ਼ੈਸਲਾ ਕੀਤਾ ਗਿਆ ਹੈ।

ਕੋਰੋਨਾ ਕਾਰਨ 4 ਡਾਕਟਰਾਂ ਦੀ ਮੌਤ

ਪਾਕਿਸਤਾਨ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ। ਲਾਹੌਰ ਦੇ ਇਕ ਪ੍ਰਰਾਈਵੇਟ ਹਸਪਤਾਲ ਦੀ ਡਾਕਟਰ ਸਨਾ ਫਾਤਿਮਾ (20) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਗੁਜਰਾਂਵਾਲਾ ਦੇ ਡਾ. ਨਈਮ ਅਖਤਰ, ਡਾ. ਖਾਨਜ਼ਾਦਾ ਜੋ ਅਫ਼ਗਾਨਿਸਤਾਨ ਤੋਂ ਆਏ ਸਨ ਤੇ ਖ਼ੈਬਰ ਪਖਤੂਨਖਵਾ 'ਚ ਸੇਵਾ ਦੇ ਰਹੇ ਸਨ ਅਤੇ ਡਾ. ਜ਼ੁਬੇਰ ਅਹਿਮਦ ਦੀ ਕੋਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਮੌਤ ਹੋ ਗਈ। ਯੰਗ ਡਾਕਟਰਜ਼ ਐਸੋਸੀਏਸ਼ਨ ਅਨੁਸਾਰ ਕਈ ਡਾਕਟਰ ਘਰ ਵਿਚ ਕੋਆਰੰਟਾਈਨ ਵਿਚ ਰਹਿ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਖ਼ਤਰਾ ਹੈ। ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਅਨੁਸਾਰ ਲਹਿੰਦੇ ਪੰਜਾਬ ਦੇ 341 ਸਿਹਤ ਕਰਮਚਾਰੀ ਕੋਰੋਨਾ ਤੋਂ ਪ੍ਰਭਾਵਿਤ ਹਨ। ਤਾਜ਼ਾ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ 2,173 ਸਿਹਤ ਕਰਮਚਾਰੀ ਸ਼ੱਕੀ ਕੋਰੋਨਾ ਪ੍ਰਭਾਵਿਤ ਸ਼੍ਰੇਣੀ ਵਿਚ ਰੱਖੇ ਗਏ ਹਨ। ਯੰਗ ਡਾਕਟਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਲਈ ਹਸਪਤਾਲਾਂ ਤੋਂ ਬਾਹਰ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ ਤਾਂਕਿ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਰਹਿ ਸਕਣ।

ਟਿੱਡੀਆਂ ਬਣਨਗੀਆਂ ਮੁਰਗਿਆਂ ਦੀ ਖ਼ੁਰਾਕ

ਪਿਛਲੇ 25 ਸਾਲਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਸਭ ਤੋਂ ਵੱਡੀ ਚੁਣੌਤੀ ਵਜੋਂ ਸਾਹਮਣੇ ਆਏ ਟਿੱਡੀ ਦਲ ਨਾਲ ਨਿਪਟਣ ਲਈ ਪਾਕਿਸਤਾਨ ਨੇ ਨਵਾਂ ਪ੍ਰਰੋਗਰਾਮ ਉਲੀਕਿਆ ਹੈ ਜਿਸ ਤਹਿਤ ਟਿੱਡੀਆਂ ਨੂੰ ਦਵਾਈਆਂ ਨਾਲ ਮਾਰੇ ਬਿਨਾਂ ਉਨ੍ਹਾਂ ਨੂੰ ਪੀਸ ਕੇ ਮੁਰਗਿਆਂ ਦੀ ਖ਼ੁਰਾਕ ਬਣਾਇਆ ਜਾਵੇਗਾ। ਪਾਕਿਸਤਾਨ ਸਰਕਾਰ ਨੇ ਟਿੱਡੀ ਦਲ ਨੂੰ ਖ਼ਤਮ ਕਰਨ ਲਈ 3 ਲੱਖ ਲੀਟਰ ਕੀੜੇਮਾਰ ਦਵਾਈ ਦਾ ਵੀ ਪ੍ਰਬੰਧ ਕੀਤਾ ਹੈ। ਪਾਕਿਸਤਾਨ ਵਿਚ ਟਿੱਡੀ ਦਲ ਆਮ ਕਰਕੇ ਮਈ ਤੇ ਜੂਨ ਮਹੀਨੇ ਵਿਚ ਸਰਗਰਮ ਹੁੰਦਾ ਹੈ। ਉਕਾੜਾ ਜ਼ਿਲ੍ਹੇ ਨੇ ਇਕ ਪਾਇਲਟ ਪ੍ਰਰਾਜੈਕਟ ਸ਼ੁਰੂ ਕੀਤਾ ਹੈ ਜਿਸ ਵਿਚ ਟਿੱਡੀਆਂ ਨੂੰ 20 ਰੁਪਏ ਪ੍ਰਤੀ ਕਿੱਲੋ ਖ਼ਰੀਦ ਕੇ ਉਨ੍ਹਾਂ ਨੂੰ ਪੀਸਿਆ ਜਾਂਦਾ ਹੈ ਤੇ ਮੁਰਗਿਆਂ ਦੀ ਖ਼ੁਰਾਕ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਇਸ ਵਿਚ ਮੁਰਗਿਆਂ ਦੀ ਦੂਜੀ ਖ਼ੁਰਾਕ ਨਾਲੋਂ ਜ਼ਿਆਦਾ ਪ੍ਰਰੋਟੀਨ ਹਨ। ਕੌਮੀ ਖ਼ੁਰਾਕ ਸੁਰੱਖਿਆ ਅਤੇ ਖੋਜ ਵਿਭਾਗ ਦੇ ਅਧਿਕਾਰੀ ਮੁਹੰਮਦ ਖੁਰਸ਼ੀਦ ਨੇ ਦੱਸਿਆ ਕਿ ਉਨ੍ਹਾਂ ਯਮਨ ਵਿਚ 2019 ਦੇ ਪ੍ਰਰੋਗਰਾਮ ਨੂੰ ਆਧਾਰ ਬਣਾਇਆ ਹੈ ਜਿੱਥੇ ਸੋਕਾ ਪੈਣ ਕਾਰਨ ਟਿੱਡੀਆਂ ਨੂੰ ਹੀ ਫਰਾਈ ਕਰ ਕੇ ਖਾਣ ਦਾ ਫ਼ੈਸਲਾ ਕੀਤਾ ਗਿਆ ਸੀ। ਖੁਰਸ਼ੀਦ ਨੇ ਦੱਸਿਆ ਕਿ ਟਿੱਡੀ ਦਲ ਦਿਨ ਵੇਲੇ ਸਰਗਰਮ ਰਹਿੰਦਾ ਹੈ ਤੇ ਰਾਤ ਨੂੰ ਇਹ ਦਰੱਖਤਾਂ ਜਾਂ ਜ਼ਮੀਨ 'ਤੇ ਨਿਰਜੀਵ ਹੋ ਜਾਂਦਾ ਹੈ ਜਿਸ ਕਰਕੇ ਰਾਤ ਨੂੰ ਇਨ੍ਹਾਂ ਨੂੰ ਫੜਨਾ ਸੌਖਾ ਹੈ।