ਪਰਮਜੀਤ ਸਿੰਘ ਸਾਸਨ

ਪੀਆਈਏ ਦਾ ਹਾਦਸਿਆਂ ਨਾਲ ਪੁਰਾਣਾ ਨਾਤਾ

ਪਾਕਿਸਤਾਨ 'ਚ ਸ਼ੁੱਕਰਵਾਰ ਨੂੰ ਕਰਾਚੀ ਹਵਾਈ ਅੱਡੇ ਨੇੜੇ ਲੈਂਡਿੰਗ ਸਮੇਂ ਹੋਏ ਹਾਦਸੇ 'ਚ 97 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਯਾਤਰੀ ਜ਼ਿੰਦਾ ਬੱਚ ਗਏ। ਹਾਦਸੇ 'ਚ ਦੋ ਲੋਕਾਂ ਦਾ ਬੱਚ ਜਾਣਾ ਕਿਸੇ ਕੁਦਰਤੀ ਕ੍ਰਿਸ਼ਮੇ ਤੋਂ ਘੱਟ ਨਹੀਂ। ਪਾਕਿਸਤਾਨ 'ਚ ਇਹ ਹਵਾਈ ਹਾਦਸਾ ਪਹਿਲੀ ਵਾਰ ਨਹੀਂ ਹੋਇਆ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਜਹਾਜ਼ਾਂ ਦੇ ਹਵਾਈ ਹਾਦਸਿਆਂ ਦਾ ਲੰਬਾ ਇਤਿਹਾਸ ਹੈ। ਪੀਆਈਏ ਦੇ ਬੋਇੰਗ 707 ਜਹਾਜ਼ ਦਾ ਪਹਿਲਾ ਹਾਦਸਾ 20 ਮਈ, 1965 ਨੂੰ ਕਾਹਿਰਾ ਹਵਾਈ ਅੱਡੇ 'ਤੇ ਲੈਂਡਿੰਗ ਸਮੇਂ ਹੋਇਆ ਸੀ। ਇਸ ਜਹਾਜ਼ 'ਚ ਸਵਾਰ ਸਾਰੇ 124 ਯਾਤਰੀਆਂ ਦੀ ਮੌਤ ਹੋ ਗਈ ਸੀ। 6 ਅਗਸਤ, 1970 ਨੂੰ ਪੀਆਈਏ ਦਾ ਫੋਕਰ ਐੱਫ27 ਜਹਾਜ਼ ਭਾਰੀ ਤੂਫ਼ਾਨ ਦੌਰਾਨ ਇਸਲਾਮਾਬਾਦ ਹਵਾਈ ਅੱਡੇ 'ਤੇ ਉਡਾਣ ਭਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 30 ਯਾਤਰੀਆਂ ਦੀ ਮੌਤ ਹੋ ਗਈ। 8 ਦਸੰਬਰ, 1972 ਨੂੰ ਪੀਆਈਏ ਦਾ ਫੋਕਰ ਐੱਫ27 ਜਹਾਜ਼ ਰਾਵਲਪਿੰਡੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ। 26 ਨਵੰਬਰ, 1979 ਨੂੰ ਪੀਆਈਏ ਦਾ ਬੋਇੰਗ 707 ਜਹਾਜ਼ ਜੋ ਹੱਜ ਯਾਤਰੀਆਂ ਨੂੰ ਸਾਊਦੀ ਅਰਬ ਤੋਂ ਦੇਸ਼ ਵਾਪਸ ਲਿਆ ਰਿਹਾ ਸੀ ਜੇਦਾਹ ਹਵਾਈ ਅੱਡੇ ਤੋਂ ਉਡਾਣ ਭਰਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 156 ਯਾਤਰੀਆਂ ਦੀ ਮੌਤ ਹੋ ਗਈ। 23 ਅਕਤੂੂਬਰ, 1986 ਨੂੰ ਪੀਆਈਏ ਦਾ ਫੋਕਰ ਐੱਫ27 ਜਹਾਜ਼ ਪਿਸ਼ਾਵਰ ਵਿਖੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ। 25 ਅਗਸਤ, 1989 ਨੂੰ ਪੀਆਈਏ ਦਾ ਫੋਕਰ ਐੱਫ27 ਜਹਾਜ਼ ਜੋਕਿ 54 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਗਿਲਗਿਤ ਤੋਂ ਰਵਾਨਾ ਹੋਣ ਪਿੱਛੋਂ ਲਾਪਤਾ ਹੋ ਗਿਆ ਜਿਸ ਦਾ ਮਲਬਾ ਅੱਜ ਤਕ ਨਹੀਂ ਮਿਲਿਆ। 28 ਸਤੰਬਰ, 1992 ਨੂੰ ਪੀਆਈਏ ਦੀ ਏਅਰਬੱਸ ਏ300 ਕਾਠਮੰਡੂ ਵਿਖੇ ਲੈਂਡਿੰਗ ਦੌਰਾਨ ਪਹਾੜੀ ਨਾਲ ਟਕਰਾਉਣ ਕਾਰਨ ਹਾਦਸੇ ਦੀ ਸ਼ਿਕਾਰ ਹੋ ਗਈ ਜਿਸ ਕਾਰਨ 167 ਲੋਕਾਂ ਦੀ ਮੌਤ ਹੋ ਗਈ। 10 ਜੁਲਾਈ, 2006 ਨੂੰ ਪੀਆਈਏ ਦਾ ਫੋਕਰ ਐੱਫ27 ਲਾਹੌਰ ਜਾ ਰਿਹਾ ਜਹਾਜ਼ ਮੁਲਤਾਨ ਤੋਂ ਉਡਾਣ ਭਰਨ ਪਿੱਛੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 41 ਯਾਤਰੀਆਂ ਤੇ ਅਮਲੇ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। 7 ਦਸੰਬਰ, 2016 ਨੂੰ ਪੀਆਈਏ ਦੇ ਏਟੀਆਰ-42 ਜਹਾਜ਼ ਜੋ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ 48 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੀਆਈਏ ਦੇ ਚੀਫ ਐਗਜ਼ੈਕਟਿਵ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਦੱਸਿਆ ਕਿ ਹਾਦਸਾਗ੍ਸਤ ਜਹਾਜ਼ ਦੀ ਦੋ ਮਹੀਨੇ ਪਹਿਲਾਂ ਪੂੁਰੀ ਤਕਨੀਕੀ ਜਾਂਚ ਕੀਤੀ ਗਈ ਸੀ ਤੇ ਇਕ ਦਿਨ ਪਹਿਲਾਂ ਹੀ ਉਹ ਮਸਕਟ ਤੋਂ ਲਾਹੌਰ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਦੋ-ਤਿੰਨ ਦਿਨਾਂ 'ਚ ਪੂਰੀ ਕਰ ਲਈ ਜਾਵੇਗੀ।

ਕੋਵਿਡ-19 ਨੇ ਹਿਜੜੇ ਕੀਤੇ ਕੰਗਾਲ

ਪਾਕਿਸਤਾਨ 'ਚ ਕੋਰੋਨਾ ਵਾਇਰਸ (ਕੋਵਿਡ-19) ਫੈਲਣ ਤੋਂ ਪਹਿਲੇ ਹਿਜੜੇ ਵਿਆਹ ਸ਼ਾਦੀਆਂ ਅਤੇ ਨਵਜੰਮੇ ਬੱਚਿਆਂ ਦੀਆਂ ਵਧਾਈਆਂ ਲੈ ਕੇ ਚੰਗਾ ਜੀਵਨ ਬਤੀਤ ਕਰ ਰਹੇ ਸਨ ਪ੍ਰੰਤੂ ਕੋਰੋਨਾ ਵਾਇਰਸ ਕਾਰਨ ਵਿਆਹ ਸ਼ਾਦੀਆਂ ਨਾ ਹੋਣ ਕਾਰਨ ਉਨ੍ਹਾਂ ਦੇ ਜੀਵਨ ਵਿੱਚੋਂ ਖ਼ੁਸ਼ੀਆਂ ਗ਼ਾਇਬ ਹੋ ਗਈਆਂ ਹਨ ਤੇ ਕਈ ਹਿਜੜਿਆਂ ਨੂੰ ਆਪਣੇ ਕਿਰਾਏ ਦੇ ਮਕਾਨ ਖ਼ਾਲੀ ਕਰ ਕੇ ਦੂਜੇ ਸਾਥੀਆਂ ਨਾਲ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੋਵਿਡ-19 ਨੇ ਹਿਜੜਿਆਂ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਅਦਨਾਲ ਅਲੀ ਨਾਮਕ ਹਿਜੜੇ ਨੇ ਦੱਸਿਆ ਕਿ ਉਹ ਅੱਲ੍ਹਾ ਅੱਗੇ ਦੁਆ ਕਰਦਾ ਹੈ ਕਿ ਪਹਿਲਾਂ ਵਾਲੇ ਦਿਨ ਫਿਰ ਆਉਣ ਤੇ ਉਹ ਨੱਚ ਟੱਪ ਕੇ ਚੰਗਾ ਜੀਵਨ ਬਤੀਤ ਕਰ ਸਕੇ। ਪਾਕਿਸਤਾਨ ਵਰਗੇ ਮੁਸਲਿਮ ਦੇਸ਼ ਵਿਚ ਜਿੱਥੇ ਅੌਰਤਾਂ ਦੇ ਮਰਦਾਂ ਸਾਹਮਣੇ ਨੱਚਣ ਨੂੰ ਇਸਲਾਮ ਧਰਮ ਦੇ ਖ਼ਿਲਾਫ਼ ਮੰਨਿਆ ਜਾਂਦਾ ਹੈ, ਹਿਜੜੇ ਖ਼ੁਸ਼ੀ ਦੇ ਸਮਾਗਮਾਂ ਵਿਚ ਨੱਚ ਟੱਪ ਕੇ ਰੌਣਕ ਲਾਉਂਦੇ ਹਨ। ਕੋਰੋਨਾ ਦੇ ਇਸ ਦੌਰ 'ਚ ਹਿਜੜੇ ਦਾਨ ਦੇ ਸਹਾਰੇ ਜੀਵਨ ਬਤੀਤ ਕਰ ਰਹੇ ਹਨ। ਪਾਕਿਸਤਾਨ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ 2009 ਵਿਚ ਹਿਜੜਿਆਂ ਨੂੰ ਤੀਜੇ ਸੈਕਸ ਦਾ ਕਾਨੂੰਨੀ ਦਰਜਾ ਦਿੱਤਾ ਗਿਆ ਸੀ ਤੇ 2017 ਤੋਂ ਟਰਾਂਸਜੈਂਡਰ (ਹਿਜੜੇ) ਲਈ ਪਾਸਪੋਰਟ ਜਾਰੀ ਕਰਨਾ ਸ਼ੁਰੂ ਕੀਤਾ ਗਿਆ ਸੀ। ਬਹੁਤ ਸਾਰੇ ਹਿਜੜੇ ਆਮ ਚੋਣਾਂ ਵਿਚ ਸਰਗਰਮੀ ਨਾਲ ਹਿੱਸਾ ਵੀ ਲੈ ਚੁੱਕੇ ਹਨ।

ਈਦ ਮੌਕੇ ਰਾਤ 10 ਵਜੇ ਤਕ ਖੁੱਲ੍ਹਣਗੇ ਸ਼ਾਪਿੰਗ ਮਾਲ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੌਰਾਨ ਲਹਿੰਦੇ ਪੰਜਾਬ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 24 ਮਈ ਨੂੰ ਮਨਾਏ ਜਾ ਰਹੇ ਈਦ ਦੇ ਪਵਿੱਤਰ ਤਿਉਹਾਰ ਮੌਕੇ ਸ਼ਾਪਿੰਗ ਮਾਲ ਅਤੇ ਹੋਰ ਦੁਕਾਨਾਂ ਖੋਲ੍ਹਣ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਵਧਾ ਕੇ ਰਾਤ 10 ਵਜੇ ਤਕ ਕਰ ਦਿੱਤਾ ਜਾਵੇ। ਪੰਜਾਬ ਦੇ ਵਣਜ ਮੰਤਰੀ ਅਸਲਮ ਇਕਬਾਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਲਹਿੰਦੇ ਪੰਜਾਬ ਵਿਚ ਟ੍ਾਂਸਪੋਰਟ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲੇ ਟ੍ਾਂਸਪੋਰਟ ਫੈਡਰੇਸ਼ਨ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਟ੍ਰਾਂਸਪੋਰਟ ਹਾਊਸ ਲਾਹੌਰ ਵਿਖੇ ਮੀਟਿੰਗ ਹੋਈ। ਮੀਟਿੰਗ ਵਿਚ ਸੂਬਾਈ ਇੰਡਸਟਰੀ ਅਤੇ ਵਣਜ ਮੰਤਰੀ ਮੀਆਂ ਅਸਲਮ, ਟ੍ਰਾਂਸਪੋਰਟ ਮੰਤਰੀ ਜਹਾਨਜ਼ੇਬ ਖਿਚੀ ਤੇ ਸਕੱਤਰ ਟ੍ਰਾਂਸਪੋਰਟ ਹਾਜ਼ਰ ਸਨ। ਸੂਬਾ ਸਰਕਾਰ ਨੇ ਕਿਰਾਏ ਵਿਚ 20 ਫ਼ੀਸਦੀ ਦੀ ਛੋਟ ਦਾ ਐਲਾਨ ਕੀਤਾ ਹੈ ਅਤੇ ਜੀ. ਟੀ. ਰੋਡ 'ਤੇ ਚੱਲਣ ਵਾਲੀਆਂ ਬੱਸਾਂ ਤੇ ਵਾਹਨਾਂ ਵਿਚ ਇਕ ਸੀਟ 'ਤੇ ਇਕ ਵਿਅਕਤੀ ਦੇ ਬੈਠਣ ਦੀ ਛੋਟ ਦਿੱਤੀ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀ ਈਦ ਮੌਕੇ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਰੋਜ਼ਾਨਾ ਖੋਲ੍ਹਣ ਦੇ ਆਦੇਸ਼ ਦਿੱਤੇ ਹਨ।