ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੈਫ. ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਅਗਲਾ ਫ਼ੌਜ ਮੁਖੀ ਚੁਣ ਲਿਆ ਹੈ। ਸ਼ਾਹਬਾਜ਼ ਸਰਕਾਰ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਵੱਲੋਂ ਵੀਰਵਾਰ ਨੂੰ ਦੱਸਿਆ ਗਿਆ ਕਿ ਪੀਐੱਮ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਉਕਤ ਫ਼ੈਸਲਾ ਲਿਆ। ਲੈਫ. ਜਨਰਲ ਮੁਨੀਰ ਹੁਣ 29 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ ਦੇ ਚਹੇਤੇ ਫ਼ੌਜੀ ਅਧਿਕਾਰੀ ਮੁਨੀਰ ਉਦੋਂ ਸੁਰਖੀਆਂ ’ਚ ਆਏ ਸਨ ਜਦੋਂ ਉਹ ਅਕਤੂਬਰ 2018 ’ਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਬਣੇ ਸਨ। ਇਸੇ ਦੌਰਾਨ ਲੈਫ. ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ ਆਫ ਸਟਾਫ ਕਮੇਟੀ (ਸੀਜੇਸੀਐੱਸਸੀ) ਨਿਯੁਕਤ ਕੀਤਾ ਗਿਆ ਹੈ।

Posted By: Sarabjeet Kaur