ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੀ ਅਰਥਵਿਵਸਥਾ ਦੀ ਹਾਲਤ ਬੇਹੱਦ ਖਸਤਾ ਹੈ। ਆਈਐੱਮਐੱਫ ਨੇ ਆਪਣੀ ਹਾਲੀਆ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ ਦਾ ਖ਼ਜ਼ਾਨਾ ਖ਼ਤਮ ਹੋਣ ਕਿਨਾਰੇ ਹੈ ਤੇ ਦੂਸਰੇ ਪਾਸੇ ਉਸ ਬਾਹਰੀ ਤੇ ਰਾਜਕੋਸ਼ ਸਬੰਧੀ ਵਿੱਤੀ ਜ਼ਰੂਰਤਾਂ ਵਧਦੀਆਂ ਜਾ ਰਹੀਆਂ ਹਨ। ਆਈਐੱਮਐੱਫ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨ ਲਈ ਪਹਿਲਾਂ ਤੋਂ ਲਿਆ ਕਰਜ਼ ਚੁਕਾਉਣਾ ਮੁਸ਼ਕਲ ਹੋਵੇਗਾ। ਉੱਥੇ ਦੂਸਰੇ ਪਾਸੇ ਅੱਤਵਾਦੀ ਜਥੇਬੰਦੀਆਂ ਦੀ ਫੰਡਿੰਗ 'ਤੇ ਨਜ਼ਰ ਰੱਕਣ ਵਾਲੀ ਕੌਮਾਂਤਰੀ ਸੰਸਥਾ FATF (Financial Action Task Force) ਜ਼ਰੂਰੀ ਕਾਰਵਾਈ ਨਾ ਕਰਨ 'ਤੇ ਪਾਕਿਸਤਾਨ ਨੂੰ ਬਲੈਕ ਲਿਸਟ ਕਰ ਸਕਦੀ ਹੈ। ਭਾਰਤ ਨਾਲ ਵਪਾਰ ਬੰਦ ਹੋਣ ਅਤੇ ਅਰਥਵਿਵਸਥਾ ਦਾ ਬੁਰਾ ਹਾਲ ਹੋਣ ਕਾਰਨ ਉੱਥੇ ਆਮ ਜ਼ਰੂਰਤ ਦੀਆਂ ਚੀਜ਼ਾਂ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ।

ਉੱਥੇ ਪਿਛਲੇ ਮਹੀਨੇ ਪੈਟਰੋ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹਨ। ਹੁਣ ਉੱਥੇ ਦੁੱਧ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਮੁਹੱਰਮ ਮੌਕੇ ਲੋਕਾਂ ਨੂੰ ਦੁੱਧ ਆਸਾਨੀ ਨਾਲ ਉਪਲੱਬਧ ਨਹੀਂ ਹੋਇਆ। ਭਾਰਤ ਨਾਲ ਵਪਾਰ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਅਰਥਚਾਰੇ 'ਤੇ ਕਾਫ਼ੀ ਬੁਰਾ ਅਸਰ ਪਿਆ ਹੈ।

ਪੈਟਰੋਲ ਤੇ ਡੀਜ਼ਲ ਨਾਲੋਂ ਮਹਿੰਗਾ ਵਿੱਕ ਰਿਹਾ ਦੁੱਧ

ਪਾਕਿਸਤਾਨ 'ਚ ਪਿਛਲੇ ਮਹੀਨੇ ਪੈਟਰੋਲ ਦੀਆਂ ਕੀਮਤਾਂ 117.83 ਰੁਪਏ (ਪਾਕਿਸਤਾਨੀ ਰੁਪਿਆ) ਪ੍ਰਤੀ ਲੀਟਰ ਤਕ ਪਹੁੰਚ ਗਈਆਂ ਸਨ ਜਦਕਿ ਪਾਕਿਸਤਾਨ 'ਚ ਦੁੱਧ ਦੀ ਕੀਮਤ 140-150 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਈ ਹੈ। ਅਜਿਹੇ ਵਿਚ ਪਾਕਿਸਤਾਨ 'ਚ ਦੁੱਧ ਪੈਟਰੋਲ ਤੇ ਡੀਜ਼ਲ ਤੋਂ ਵੀ ਮਹਿੰਗਾ ਵਿਕ ਰਿਹਾ ਹੈ। ਬੱਚਿਆਂ ਨੂੰ ਵੀ ਇਹ ਆਸਾਨੀ ਨਾਲ ਉਪਲਬਧ ਨਹੀਂ ਹੋ ਰਿਹਾ ਹੈ। ਪਾਕਿਸਤਾਨ 'ਚ ਪਹਿਲਾਂ ਤੋਂ ਰੋਜ਼ਮਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਹੁਣ ਮੁਸਲਮਾਨਾਂ ਦੇ ਪਵਿੱਤਰ ਤਿਉਹਾਰ ਮੁਹੱਰਮ ਮੌਕੇ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਅਤੇ ਸਿੰਧ ਸੂਬੇ 'ਚ ਦੁੱਧ ਦੀ ਕੀਮਤ 140 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਤਕ ਪਹੁੰਚ ਗਈ ਹੈ।

Posted By: Seema Anand