ਏਐੱਨਆਈ,ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਨਾਲ ਜੁੜੇ ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। 60 ਅਰਬ ਡਾਲਰ (ਕਰੀਬ 4.3 ਲੱਖ ਕਰੋੜ ਰੁਪਏ) ਦੀ ਲਾਗਤ ਵਾਲੇ ਚੀਨ ਦੇ ਇਸ ਪ੍ਰਾਜੈਕਟ 'ਤੇ ਅਮਰੀਕਾ ਇਹ ਕਹਿੰਦੇ ਹੋਏ ਚਿੰਤਾ ਜ਼ਾਹਿਰ ਕਰ ਚੁੱਕਾ ਹੈ ਕਿ ਇਸ ਨਾਲ ਪਾਕਿਸਤਾਨ ਚੀਨੀ ਕਰਜ਼ੇ ਦੇ ਜਾਲ ਵਿਚ ਫਸ ਸਕਦਾ ਹੈ।

ਵਣਜ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਨੇ ਕਿਹਾ ਕਿ ਸੀਪੀਈਸੀ ਵਿਚ ਨਿਵੇਸ਼ ਲਈ ਅਮਰੀਕਾ ਨੂੰ ਸੱਦਾ ਦਿੱਤਾ ਗਿਆ ਹੈ। ਅਮਰੀਕਾ ਨੇ ਊਰਜਾ, ਤੇਲ ਅਤੇ ਗੈਸ, ਖੇਤੀ ਅਤੇ ਫੂਡ ਪ੍ਰੋਸੈਸਿੰਗ ਵਿਚ ਰੁਚੀ ਦਿਖਾਈ ਹੈ। ਦਾਊਦ ਦਾ ਇਹ ਬਿਆਨ ਅਮਰੀਕੀ ਵਣਜ ਮੰਤਰੀ ਵਿਲਵਰ ਰਾਸ ਦੇ ਪਾਕਿਸਤਾਨ ਦੌਰੇ ਦੇ ਇਕ ਦਿਨ ਬਾਅਦ ਆਇਆ ਹੈ।

ਵਿਲਵਰ ਨਾਲ ਹੋਈ ਮੀਟਿੰਗ ਦੇ ਬਾਰੇ ਵਿਚ ਦਾਊਦ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਈ-ਕਾਮਰਸ ਵਿਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਸਹਿਮਤੀ ਦਿੱਤੀ ਹੈ ਕਿ ਅਮਰੀਕੀ ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕੋਪਰੇਸ਼ਨ ਪਾਕਿਸਤਾਨ ਵਿਚ ਨਵੇਂ ਕਾਰੋਬਾਰ ਦੇ ਵਿਕਾਸ ਵਿਚ ਮਦਦ ਕਰੇਗਾ। ਅਮਰੀਕੀ ਵਣਜ ਮੰਤਰੀ ਸਹਿਯੋਗ ਲਈ ਇਕ ਵਫ਼ਦ ਪਾਕਿਸਤਾਨ ਭੇਜਣ ਲਈ ਤਿਆਰ ਹੋਏ ਹਨ। ਵਿਲਵਰ ਨੇ ਬੁੱਧਵਾਰ ਨੂੰ ਇਮਰਾਨ ਨਾਲ ਵੀ ਮੁਲਾਕਾਤ ਕੀਤੀ ਸੀ।

ਪਾਕਿਸਤਾਨ 'ਤੇ ਵਧੇਗਾ ਕਰਜ਼ੇ ਦਾ ਬੋਝ : ਐਲਿਸ ਵੈੱਲਸ

ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਨਾਲ ਜੁੜੀ ਅਮਰੀਕਾ ਦੀ ਉੱਚ ਅਧਿਕਾਰੀ ਐਲਿਸ ਵੈੱਲਸ ਕਈ ਵਾਰ ਸੀਪੀਈਸੀ ਦੀ ਆਲੋਚਨਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਹੈ ਕਿ ਤੰਗੀ ਨਾਲ ਜੂਝ ਰਹੇ ਪਾਕਿਸਤਾਨ 'ਤੇ ਇਸ ਨਾਲ ਕਰਜ਼ੇ ਦਾ ਬੋਝ ਵਧੇਗਾ ਅਤੇ ਉਹ ਚੀਨੀ ਕਰਜ਼ੇ ਦੇ ਜਾਲ ਵਿਚ ਫੱਸ ਸਕਦਾ ਹੈ। ਉਹ ਸੀਪੀਈਸੀ ਵਿਚ ਪਾਰਦਰਸ਼ਤਾ ਦੀ ਕਮੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾ ਚੁੱਕੇ ਹਨ।