ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਸਰਕਾਰ ਨੇ ਕੋਵਿਡ-19 ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਕਤਰ ਏਅਰਵੇਜ਼ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਡਿਵੀਜ਼ਨ ਦੇ ਬੁਲਾਰੇ ਅਬਦੁੱਲ ਸਤਰ ਖੋਖਰ ਨੇ ਕਿਹਾ ਕਿ ਸਰਕਾਰ ਨੇ ਕਤਰ ਏਅਰਵੇਜ਼ ਵੱਲੋਂ ਕੋਵਿਡ-19 ਦੇ ਨਿਯਮਾਂ ਦਾ ਪਾਲਣ ਨਾ ਕਰਨ ਦਾ ਗੰਭੀਰ ਨੋਟਿਸ ਲਿਆ ਹੈ ਕਿਉਂਕਿ ਇਸ ਨਾਲ ਦੂਜੇ ਮੁਸਾਫਿਰਾਂ ਅਤੇ ਹਵਾਈ ਅੱਡੇ 'ਤੇ ਕੰਮ ਕਰਦੇ ਸਟਾਫ ਲਈ ਖ਼ਤਰਾ ਪੈਦਾ ਹੋ ਸਕਦਾ ਸੀ। ਇਹ ਜੁਰਮਾਨਾ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਲਗਾਇਆ ਹੈ। ਬੁਲਾਰੇ ਨੇ ਕਿਹਾ ਕਿ ਕਤਰ ਏਅਰਲਾਈਨਜ਼ ਸਾਰੇ ਮੁਸਾਫਿਰਾਂ ਦੇ ਕੋਵਿਡ-19 ਟੈਸਟਾਂ ਦਾ ਖ਼ਰਚ ਵੀ ਦੇਵੇਗੀ। ਖੋਖਰ ਨੇ ਦੱਸਿਆ ਕਿ ਕਤਰ ਏਅਰਵੇਜ਼ ਦੀ ਇਸਲਾਮਾਬਾਦ ਆਈ ਉਡਾਣ 'ਚ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਸਫਰ ਕੀਤਾ। ਪਾਕਿਸਤਾਨ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।