ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਸਰਕਾਰ ਨੇ ਸੈਨੇਟ (ਉੱਚ ਸਦਨ) ਦੀਆਂ ਚੋਣਾਂ ਦੀ ਪ੍ਰਕਿਰਿਆ 'ਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਸੈਨੇਟ ਚੋਣਾਂ 'ਚ ਇਸ ਵਾਰੀ ਖੁੱਲ੍ਹੀ ਵੋਟਿੰਗ ਕੀਤੀ ਜਾਵੇਗੀ। ਸਰਕਾਰ ਇਸ ਸਬੰਧੀ ਸੰਸਦ 'ਚ ਬਿੱਲ ਲਿਆਵੇਗੀ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ 'ਚ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ।

ਪਾਕਿਸਤਾਨੀ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਕਿਹਾ ਕਿ ਖੁੱਲ੍ਹੇ ਤੌਰ 'ਤੇ ਵੋਟਿੰਗ ਦੀ ਵਿਵਸਥਾ ਨਾਲ ਚੋਣਾਂ 'ਚ ਪਾਰਦਰਸ਼ਿਤਾ ਰਹੇਗੀ। ਖਰੀਦੋ-ਫਰੋਖਤ 'ਤੇ ਰੋਕ ਲੱਗੇਗੀ। ਪਹਿਲਾਂ ਸੈਨੇਟ ਦੀਆਂ ਚੋਣਾਂ 'ਚ ਖੁੱਲ੍ਹ ਕੇ ਪੈਸੇ ਦਾ ਪ੍ਰਚਲਨ ਰਿਹਾ ਹੈ ਤੇ ਚੋਣਾਂ ਮਜ਼ਾਕ ਬਣ ਕੇ ਰਹਿ ਗਈਆਂ। ਉਨ੍ਹਾਂ ਸਵਾਲ ਕੀਤਾ ਕਿ ਫਿਰ ਉੱਚ ਸਦਨ ਦਾ ਮਤਲਬ ਹੀ ਕੀ ਰਹਿ ਗਿਆ, ਜਦੋਂ ਉਸ 'ਚ ਪੈਸੇ ਦੇਣ ਵਾਲੇ ਲੋਕ ਥਾਂ ਪਾ ਜਾਣ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿੱਲ ਦਾ ਉਹ ਹੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਜਿਹੜੀਆਂ ਪਹਿਲਾਂ ਖੁੱਲ੍ਹੀ ਵੋਟਿੰਗ ਦੀ ਹਮਾਇਤ ਕਰਦੀਆਂ ਰਹੀਆਂ ਹਨ। ਇਸ ਸਬੰਧੀ ਸੰਸਦ 'ਚ ਛੇਤੀ ਬਿੱਲ ਲਿਆਂਦਾ ਜਾਵੇਗਾ। ਇਸ ਨਾਲ ਹੀ ਸਰਕਾਰ ਨੇ ਸੁਪਰੀਮ ਕੋਰਟ 'ਚ ਵੀ ਸੈਨੇਟ ਚੋਣਾਂ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਸੈਨੇਟ ਚੋਣਾਂ 'ਚ ਖੁੱਲ੍ਹੇ ਤੌਰ 'ਤੇ ਵੋਟਿੰਗ ਕੀਤੇ ਜਾਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ 'ਤੇ ਫੈਸਲਾ ਆਉਣਾ ਬਾਕੀ ਹੈ।