ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਮੰਗਲਵਾਰ ਨੂੰ ਪੇਸ਼ ਸਾਲ 2019-20 ਦੇ ਫੈਡਰਲ ਬਜਟ 'ਚ ਕਰਤਾਰਪੁਰ ਕੋਰੀਡੋਰ ਲਈ 100 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਤੇ ਪਾਕਿਸਤਾਨ ਦੇ ਕਰਤਾਰਪੁਰ 'ਚ ਦਰਬਾਰ ਸਾਹਿਬ ਵਿਚਕਾਰ ਇਸ ਕੋਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਕੋਰੀਡੋਰ ਦੇ ਬਣ ਜਾਣ ਤੋਂ ਬਾਅਦ ਭਾਰਤੀ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ। ਪਰਮਿਟ ਲੈ ਕੇ ਹੀ ਉਹ ਜਾ ਸਕਣਗੇ। ਗੁਰੂ ਨਾਨਕ ਦੇਵ ਜੀ ਨੇ 1522 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ।

ਪਾਕਿਸਤਾਨ ਦੇ ਮਾਲੀਆ ਰਾਜ ਮੰਤਰੀ ਹਮਦ ਅਜ਼ਹਰ ਨੇ ਬਜਟ ਪੇਸ਼ ਕੀਤਾ। ਕਰਤਾਰਪੁਰ ਕੋਰੀਡੋਰ ਲਈ ਅਲਾਟ ਬਜਟ ਨਾਲ ਜ਼ਮੀਨ ਐਕੁਆਇਰ ਦੇ ਨਾਲ ਹੀ ਹੋਰ ਵਿਕਾਸਾਤਮਕ ਕਾਰਜ ਕੀਤੇ ਜਾਣਗੇ।

ਪਾਕਿਸਤਾਨ ਦੇ ਯੋਜਨਾ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੀਡੋਰ ਦੇ ਨਿਰਮਾਣ 'ਤੇ ਤਿੰਨ ਸੌ ਕਰੋੜ ਰੁਪਏ ਦਾ ਖ਼ਰਚ ਆਵੇਗਾ। ਪਾਕਿਸਤਾਨ ਭਾਰਤ ਦੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਤਕ ਦੇ ਚਾਰ ਕਿਲੋਮੀਟਰ ਦੇ ਰਸਤੇ ਦਾ ਵਿਕਾਸ ਕਰੇਗੀ। ਇਸ 'ਚੋਂ 50 ਫ਼ੀਸਦੀ ਵਿਕਾਸ ਕਾਰਜ ਪੂਰੇ ਵੀ ਹੋ ਗਏ ਹਨ।

ਪਿਛਲੇ ਸਾਲ 26 ਨਵੰਬਰ ਨੂੰ ਗੁਰਦਾਸਪੁਰ ਦੇ ਮਾਨ ਪਿੰਡ 'ਚ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਭਾਰਤ ਵੱਲੋਂ ਕਰਵਾਏ ਜਾਣ ਵਾਲੇ ਕਾਰਜਾਂ ਦੀ ਨੀਂਹ ਰੱਖੀ ਸੀ। ਜਦਕਿ, ਇਮਰਾਨ ਖ਼ਾਨ ਨੇ ਪਾਕਿਸਤਾਨ ਵੱਲੋਂ ਕਾਰਜਾਂ ਲਈ 28 ਨਵੰਬਰ ਨੂੰ ਨੀਂਹ ਰੱਖੀ ਸੀ। ਇਸ ਸਾਲ ਦੇ ਅੰਤ ਤਕ ਇਸ ਕੋਰੀਡੋਰ ਦਾ ਨਿਰਮਾਣ ਪੂਰਾ ਹੋ ਜਾਣ ਦੀ ਉਮੀਦ ਹੈ।

ਫ਼ੌਜ ਦਾ ਬਜਟ ਨਹੀਂ ਹੋਇਆ ਘੱਟ

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਸਰਕਾਰ ਨੇ 2019-20 ਲਈ ਮੰਗਲਵਾਰ ਨੂੰ ਪੇਸ਼ ਫੈਡਰਲ ਬਜਟ 'ਚ ਫ਼ੌਜ ਦਾ ਬਜਟ ਘੱਟ ਨਹੀਂ ਕੀਤਾ ਹੈ। ਫ਼ੌਜ ਦਾ ਬਜਟ ਪਿਛਲੇ ਸਾਲ ਦੇ ਬਰਾਬਰ ਹੀ 1150 ਅਰਬ ਰੁਪਏ ਰੱਖਿਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ 'ਚ ਹੀ ਫ਼ੌਜ ਨੇ ਖ਼ੁਦ ਤੋਂ ਹੀ ਆਪਣੇ ਬਜਟ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਬਜਟ ਘੱਟ ਹੋਣ ਨਾਲ ਉਸ ਦੀ ਸਮਰੱਥਾ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਬਾਅਦ ਦੇਸ਼ 'ਚ ਜਾਰੀ ਆਰਥਿਕ ਸੰਕਟ ਨੂੰ ਵੇਖਦਿਆਂ ਇਹ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ ਕਿ ਸਰਕਾਰ ਫ਼ੌਜ ਦੇ ਬਜਟ 'ਚ ਕਟੌਤੀ ਕਰ ਸਕਦੀ ਹੈ।