ਇਸਲਾਮਾਬਾਦ (ਏਐੱਨਆਈ) : ਪਾਕਿ ਮੀਡੀਆ ਅਨੁਸਾਰ ਹਸਪਤਾਲ 'ਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿਲ ਦਾ ਦੌਰਾ ਪਿਆ ਹੈ। ਜੇਲ੍ਹ ਦੀ ਸਜ਼ਾ ਕੱਟ ਰਹੇ ਨਵਾਜ਼ ਨੂੰ ਖ਼ਰਾਬ ਸਿਹਤ ਕਾਰਨ ਸ਼ੁੱਕਰਵਾਰ ਨੂੰ ਹੀ ਜ਼ਮਾਨਤ ਮਿਲੀ ਸੀ। ਨਵਾਜ਼ ਸ਼ਰੀਫ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਨਵਾਜ਼ ਸ਼ਰੀਫ ਦੀ ਸੋਮਵਾਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਦੇਰ ਰਾਤ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਨਵਾਜ਼ ਸ਼ਰੀਫ ਦੀ ਪਲੈਟਲੈੱਟ ਕਾਊਂਟ ਬਹੁਤ ਘੱਟ ਹੋ ਗਈ ਸੀ। ਨਵਾਜ਼ ਸਰੀਫ ਨੂੰ ਲਾਹੌਰ ਦੇ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਨਵਾਜ਼ ਸ਼ਰੀਫ ਦੀ ਤਬੀਅਤ ਵਿਗੜਨ ਤੋਂ ਬਾਅਦ ਨਵਾਜ਼ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਇਮਰਾਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਭਰਾ ਦੇ ਦੇਖਭਾਲ ਚੰਗੀ ਤਰ੍ਹਾਂ ਨਾਲ ਨਹੀਂ ਹੋ ਰਹੀ ਹੈ ਤੇ ਜੇਕਰ ਮੇਰੇ ਭਰਾ ਨੂੰ ਕੁਝ ਵੀ ਹੋਇਆ ਤਾਂ ਉਸ ਦੇ ਜ਼ਿੰਮੇਵਾਰ ਇਮਰਾਨ ਖ਼ਾਨ ਹੋਣਗੇ। ਉੱਥੇ ਹੀ ਨਵਾਜ਼ ਸ਼ਰੀਫ ਤੋਂ ਬਾਅਦ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਤਬੀਅਤ ਵਿਗੜ ਗਈ ਸੀ। ਮਰੀਅਮ ਨੂੰ ਵੀ ਮਿਲਟਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮਰੀਅਮ ਸ਼ਰੀਫ ਨੂੰ ਵੀਆਈਪੀ ਰੂਮ ਨੰਬਰ 2 'ਚ ਭਰਤੀ ਕੀਤਾ ਗਿਆ ਜਦਕਿ ਪਿਤਾ ਨਵਾਜ਼ ਸ਼ਰੀਫ ਨੂੰ ਵੀਆਈਪੀ ਰੂਮ ਨੰਬਰ 1 'ਚ ਭਰਤੀ ਕੀਤਾ। ਨਵਾਜ਼ ਦੀ 24 ਅਕਤੂਬਰ ਨੂੰ ਫੁੱਲ ਬਾਡੀ ਸਕੈਨ ਕੀਤੀ ਗਈ।

ਚੌਧਰੀ ਸ਼ੂਗਰ ਮਿਲਜ਼ ਕੇਸ 'ਚ ਲਾਹੌਰ ਹਾਈ ਕੋਰਟ ਨੇ ਨਵਾਜ਼ ਸ਼ਰੀਫ ਨੂੰ ਮੈਡੀਕਲ ਗਰਾਊਂਡ ਦੇ ਆਧਾਰ 'ਤੇ ਜ਼ਮਾਨਤ ਦਿੱਤੀ। ਜਸਟਿਸ ਬਕਾਰ ਨਾਜ਼ਾਫੀ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਪੀਐੱਮਐੱਲ-ਐੱਨ ਦੇ ਮੁਖੀ ਸ਼ਾਹਬਾਜ਼ ਸ਼ਰੀਫ ਦੀ ਪਟੀਸ਼ਨ 'ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਮ਼ਾਨਤ ਦਿੱਤੀ। ਨਵਾਜ਼ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ ਹਨ ਤੇ ਉਹ ਫਿਲਹਾਲ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੈਬ ਦੀ ਹਿਰਾਸਤ 'ਚ ਹਨ।

Posted By: Seema Anand