ਇਸਲਾਮਾਬਾਦ (ਏਜੰਸੀ) : ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਸਮਾਗਮ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਨਿਮਰਤਾਪੂਰਵਕ ਜੀਵਨ ਬਤੀਤ ਕਰ ਰਹੇ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਨਮੋਹਨ ਸਿੰਘ ਬਾਰੇ ਗੱਲਬਾਤ ਕੀਤੀ (ਜੋ ਕਿ ਉਨ੍ਹਾਂ ਦੇ ਕੋਲ ਬੈਠੇ ਸਨ)। ਕੁਰੈਸ਼ੀ ਨੇ ਉਸ ਵੇਲੇ ਨੂੰ ਯਾਦ ਕੀਤਾ, ਜਦੋਂ ਉਹ ਉਨ੍ਹਾਂ ਨੂੰ ਮਿਲੇ ਸਨ।

ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਮਨਮੋਹਨ ਸਿੰਘ ਦੇ ਘਰ ਗਏ ਸਨ। ਉਨ੍ਹਾਂ ਨੂੰ ਉਸ ਵੇਲੇ ਚਾਹ ਪਿਆਈ ਗਈ। ਮਨਮੋਹਨ ਸਿੰਘ ਦੀ ਪਤਨੀ ਨੇ ਉਹ ਚਾਹ ਬਣਾਈ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਸ ਦੌਰਾਨ ਮਨਮੋਹਨ ਸਿੰਘ ਖ਼ੁਦ ਉਨ੍ਹਾਂ ਲਈ ਚਾਹ ਲਿਆਏ ਸਨ, ਪਰ ਇਸ ਦੌਰਾਨ ਇਕ ਅਜਿਹੀ ਗੱਲ ਹੋਈ ਕਿ ਸ਼ਾਹ ਮਹਿਮੂਦ ਨੂੰ ਸੋਚਣ 'ਤੇ ਮਜਬੂਰ ਹੋਣਾ ਪਿਆ।

ਇਸ ਵੀਡੀਓ ਨੂੰ ਪਾਕਿ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ। ਇਸ ਵੀਡੀਓ 'ਚ ਕੁਰੈਸ਼ੀ ਨੇ ਕਿਹਾ, 'ਮੈਂ ਤੁਹਾਡੇ ਘਰ ਆਇਆ ਸੀ। ਬੇਗ਼ਮ ਸਾਹਿਬਾ ਨੇ ਚਾਹ ਬਣਾਈ, ਮਨਮੋਹਨ ਸਿੰਘ ਸਾਹਿਬ ਖ਼ੁਦ ਆਪਣੇ ਹੱਥਾਂ ਨਾਲ ਲਿਆਏ। ਮੈਂ ਵਾਪਸ ਆਇਆ ਤਾਂ ਲੋਕਾਂ ਨੂੰ ਇਹ ਕਹਾਣੀ ਸਉਣਾਈ। ਮੈਂ ਕਿਹਾ ਮਨਮੋਹਨ ਇਕ ਵੱਡਾ ਆਦਮੀ ਹੈ।'

ਹਾਲਾਂਕਿ ਇਸ ਦੌਰਾਨ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਨ ਕੌਰ ਨੇ ਪੁੱਛ ਲਿਆ ਕਿ ਤੁਸੀਂ (ਸ਼ਾਹ ਮਹਿਮੂਦ ਕੁਰੈਸ਼ੀ) ਕਦੋਂ ਆਏ ਸੀ ਸਾਡੇ ਘਰ?, ਇਸ 'ਤੇ ਕੁਰੈਸ਼ੀ ਰੁਕੇ ਤੇ ਸੋਚਿਆ ਫਿਰ ਕਿਹਾ ਕਿ 90 ਦੇ ਦਹਾਕੇ 'ਚ ਆਇਆ ਸੀ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੁਰੈਸ਼ੀ ਦਾ ਕਾਫ਼ੀ ਮਜ਼ਾਕ ਬਣਾਇਆ। ਇੰਨਾ ਹੀ ਨਹੀਂ ਲੋਕਾਂ ਨੇ ਕੁਰੈਸ਼ੀ ਦੇ ਚਾਹ ਵਾਲੇ ਬਿਆਨ 'ਤੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ।

ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਸ਼ਨਿਚਰਵਾਰ ਨੂੰ ਚਿਰੋਕਣੀ ਉਡੀਕ ਤੋਂ ਬਾਅਦ ਗ਼ਲਿਆਰਾ ਖੋਲ੍ਹੇ ਜਾਣ ਤੋਂ ਬਾਅਦ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ 'ਚ ਦਰਸ਼ਨ ਕਰਨ ਆਏ ਸਨ। ਉਹ ਕਰਤਾਰਪੁਰ ਸਾਹਿਣ ਜਾਣ ਵਾਲੇ ਜੱਥੇ 'ਚ ਸ਼ਾਮਲ ਸਨ। ਦੱਸ ਦੇਈਏ ਕਿ ਕਰਤਾਰਪੁਰ ਕਾਰੀਡੋਰ ਰਸਤੇ ਪਾਕਿਸਤਾਨ ਜਾਣ ਵਾਲੇ 550 ਤੋਂ ਜ਼ਿਆਦਾ ਤੀਰਥਯਾਤਰੀਆਂ ਦੇ ਪਹਿਲੇ ਜੱਥੇ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਤੋਂ ਇਲਾਵਾ ਪੰਜਾਬ ਦੇ ਸੰਸਦ ਮੈਂਬਰ ਤੇ ਵਿਧਾਇਕ ਸ਼ਾਮਲ ਹੋਏ ਸਨ।

Posted By: Seema Anand