ਕਰਾਚੀ : ਪਰਮਾਣੂ ਜੰਗ ਦੀ ਧਮਕੀ ਦੇ ਰਹੇ ਪਾਕਿਸਤਾਨ ਨੂੰ ਹੁਣ ਰੋਟੀ ਦੇ ਲਾਲੇ ਪੈ ਗਏ ਹਨ। ਪਾਕਿਸਤਾਨ 'ਚ ਕਣਕ ਦੀਆਂ ਕੀਮਤਾਂ ਅੰਬਰੀ ਪਹੁੰਚ ਗਈਆਂ ਹਨ। ਇਸੇ ਮਹੀਨੇ ਕਣਕ ਦੀਆਂ ਕੀਮਤਾਂ 'ਚ ਤੀਸਰੀ ਵਾਰ ਇਜ਼ਾਫਾ ਹੋਇਆ ਹੈ। ਮੌਜੂਦਾ ਸਮੇਂ 'ਚ ਪਾਕਿਸਤਾਨ 'ਚ ਸਧਾਰਨ ਸ਼੍ਰੇਣੀ ਦੇ ਆਟੇ ਕੀਮਤ 44.05 ਪ੍ਰਤੀ ਕਿਲੋ ਹੈ ਜਦਕਿ ਸੁਪਰ ਫਾਈਨ ਤੇ ਫਾਈਨ ਸ਼੍ਰੇਣੀ ਦੇ ਆਟੇ ਦੀ ਕੀਮਤ 47.50 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ। ਨਤੀਜਨ ਇਕ ਪੈਕੇਟ ਪਾਵਰੋਟੀ 40 ਤੋਂ 80 ਰੁਪਏ 'ਚ ਵਿਕ ਰਹੀ ਹੈ। ਇਹੀ ਨਹੀਂ ਵੈੱਬਸਾਈਟ NUMBEO ਦੇ ਮੁਤਾਬਿਕ, ਚੰਗੇ ਕਿਸਮ ਦੇ ਚੌਲਾਂ ਦੀ ਕੀਮਤ 130.07 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ।


ਪਾਕਿਸਤਾਨੀ ਅਖਬਾਰ ਡਾਨ ਦੇ ਮੁਤਾਬਿਕ, ਇਸ ਸਾਲ ਅਪ੍ਰੈਲ ਤੋਂ ਬਾਅਦ ਸਧਾਰਨ ਆਟੇ ਦੀਆਂ ਕੀਮਤਾਂ 'ਚ 11 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਇਜ਼ਾਫਾ ਹੋਇਆ ਹੈ। ਦੇਸ਼ 'ਚ ਵੱਧ ਰਹੀਆਂ ਆਟੇ, ਚੌਲ ਦੀਆਂ ਕੀਮਤਾਂ ਕਾਰਨ ਹੁਕਮਰਾਨਾਂ ਦੀਆਂ ਨੀਂਦਾਂ ਉੱਡ ਗਈਆਂ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੂਬਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਟੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਤੇਜ਼ ਕਰਨ। ਰਿਪੋਰਟ ਅਨੁਸਾਰ ਇਸ ਮਹੀਨੇ ਬਕਰੀਦ ਮੌਕੇ ਕੀਮਤਾਂ 'ਚ ਵੱਡਾ ਉਛਾਲ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਸਰੀ ਵਾਰ ਕੀਮਤਾਂ ਬੀਤੀ 22 ਅਗਸਤ ਨੂੰ ਵਧੀਆਂ ਸਨ।

ਪਾਕਿਸਤਾਨ ਦੀਆਂ ਆਟਾ ਮਿੱਲਾਂ 10 ਕਿਲੋ ਆਟੇ ਦੇ ਬੈਗ ਦੀ ਕੀਮਤ 450 ਰੁਪਏ ਵਸੂਲ ਰਹੀਆਂ ਹੈ। ਪਾਕਿਸਤਾਨ ਫਲੋਰ ਮਿਲਸ ਐਸੋਸਸੀਏਸ਼ਨ ਸਿੰਧ ਜ਼ੋਨ ਦੇ ਪ੍ਰਧਾਨ ਮੁਹੰਮਦ ਜਾਵੇਦ ਯੂਸਫ ਨੇ ਦੱਸਿਆ ਕਿ ਦੇਸ਼ 'ਚ ਕਣਕ ਦੀਆਂ ਕੀਮਤਾਂ 4,000 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਇਸ ਸੰਕਟ ਪ੍ਰਤੀ ਅਗਾਹ ਕਰਨਾ ਚਾਹੁੰਦੇ ਹਨ।

Posted By: Jaskamal