ਨਵੀਂ ਦਿੱਲੀ, ਆਨਲਾਈਨ ਡੈਸਕ : ਪਾਕਿਸਤਾਨ ’ਚ ਹੜ੍ਹਾਂ ਕਾਰਨ ਡੁੱਬੇ ਇਲਾਕਿਆਂ ’ਚ ਹੁਣ ਪਾਣੀ ਦੇ ਪੱਧਰ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿੱਥੇ ਇਕ ਪਾਸੇ ਰਾਹਤ ਦੀ ਗੱਲ ਹੈ, ਉੱਥੇ ਹੀ ਦੂਜੇ ਪਾਸੇ ਇਕ ਡਰ ਦੀ ਗੱਲ ਵੀ ਹੈ। ਰਾਹਤ ਇਸ ਲਈ ਕਿਉਂਕਿ ਹੁਣ ਰਾਹਤ ਕਾਰਜ ਤੇਜ਼ ਕੀਤੇ ਜਾ ਸਕਦੇ ਹਨ। ਡਰ ਇਸ ਲਈ ਕਿਉਂਕਿ ਪਾਣੀ ਹੇਠਾਂ ਆਉਣ ਨਾਲ ਕਈ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ।

ਕਈ ਇਲਾਕਿਆਂ ’ਚ ਘਟ ਰਿਹਾ ਹੈ ਪਾਣੀ

ਪਾਕਿਸਤਾਨ ਸਰਕਾਰ ਮੁਤਾਬਿਕ ਸਿੰਧ ਦੇ 22 ਵਿੱਚੋਂ 18 ਜ਼ਿਲ੍ਹਿਆਂ ਵਿਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਕਿਤੇ ਇਹ 35 ਫ਼ੀਸਦੀ ਹੈ ਤੇ ਕਿਤੇ ਇਹ ਘਟ ਕੇ 80 ਫ਼ੀਸਦੀ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖ਼ੁਰਾਕੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਹੜ੍ਹ ਦਾ ਪਾਣੀ ਘਟਣ ਨਾਲ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਭ ਤੋਂ ਵੱਡਾ ਖ਼ਤਰਾ ਬਣ ਸਕਦੀਆਂ ਹਨ। ਸਿੰਧ, ਬਲੋਚਿਸਤਾਨ, ਖੈਬਰ ਪਖਤੂਨਖਵਾ ’ਚ ਇਸ ਦਾ ਕਹਿਰ ਦੇਖਿਆ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀ ਮੌਜੂਦਾ ਸਥਿਤੀ ’ਤੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਹੜ੍ਹ ਦੇ ਪਾਣੀ ਵਿਚ ਗਿਰਾਵਟ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇੱਥੋਂ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ, ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਆਪਣੀ ਸਥਿਤੀ ਵਿਚ ਵਾਪਸ ਪਰਤ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਦੇ ਇਨ੍ਹਾਂ ਤਿੰਨਾਂ ਸੂਬਿਆਂ ਦੇ 70 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜ੍ਹ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਸ ਵਿਚ ਕਰੀਬ 10 ਲੱਖ ਲੋਕ ਵੱਧ ਚੁੱਕੇ ਹਨ।

ਅਗਲੇ ਸਾਲ ਤਕ ਖ਼ਰਾਬ ਰਹਿ ਸਕਦੇ ਹਨ ਹਾਲਾਤ

ਰਿਪੋਰਟ ਮੁਤਾਬਿਕ ਪਾਕਿਸਤਾਨ ’ਚ ਇਹ ਸਥਿਤੀ ਮਾਰਚ 2023 ਤੱਕ ਜਾਰੀ ਰਹਿ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਇੰਟੀਗ੍ਰੇਟਿਡ ਫੂਡ ਸਕਿਓਰਿਟੀ ਫੇਜ਼ ਕਲਾਸੀਫਿਕੇਸ਼ਨ (ਆਈਪੀਸੀ) ਅਨੁਸਾਰ ਸਿੰਧ ਵਿਚ ਹੜ੍ਹ ਦਾ ਪਾਣੀ ਘੱਟ ਹੋਣ ਦੇ ਬਾਵਜੂਦ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਨੂੰ ਸਫ਼ਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਂਟਾਂ ’ਚ ਬਣੇ ਅਸਥਾਈ ਰਿਹਾਇਸ਼ ਵਿਚ ਲੋੜੀਂਦਾ ਸਾਮਾਨ ਨਾ ਮਿਲਣ ਕਾਰਨ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ। ਇਨ੍ਹਾਂ ਅਸਥਾਈ ਕੈਂਪਾਂ ਵਿਚ ਲੱਖਾਂ ਗਰਭਵਤੀ ਔਰਤਾਂ ਵੀ ਹਨ। ਉਨ੍ਹਾਂ ਲਈ ਸਿਹਤ ਸੇਵਾਵਾਂ ਅਤੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੈ।

ਤੰਬੂਆਂ ’ਚ 1.30 ਲੱਖ ਗਰਭਵਤੀ ਔਰਤਾਂ

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਇਨ੍ਹਾਂ ਕੈਂਪਾਂ ਵਿਚ ਕਰੀਬ 1.30 ਲੱਖ ਗਰਭਵਤੀ ਔਰਤਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਕਈ ਅਜਿਹੇ ਵੀ ਹਨ, ਜਿਨ੍ਹਾਂ ਦੀ ਡਲਿਵਰੀ ਤਰੀਕ ਨੇੜੇ ਹੈ। ਪੀਣ ਵਾਲੇ ਸਾਫ਼ ਪਾਣੀ, ਖਾਣ-ਪੀਣ ਦੀਆਂ ਵਸਤਾਂ ਦੀ ਘਾਟ, ਸਫ਼ਾਈ ਵਿਵਸਥਾ ਦੀ ਘਾਟ, ਸਿਹਤ ਸੇਵਾਵਾਂ ਦੀ ਘਾਟ ਨੇ ਇਨ੍ਹਾਂ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ।

Posted By: Harjinder Sodhi