ਇਸਲਾਮਾਬਾਦ (ਪੀਟੀਆਈ) : ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਸ਼ਾਨਦਾਰ ਮੰਦਰ ਬਣਨ ਦੀ ਸ਼ੁਰੂਆਤ ਹੋਣ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਭੜਕ ਗਿਆ ਹੈ। ਪਾਕਿ ਦੇ ਵਿਦੇਸ਼ ਵਿਭਾਗ ਨੇ ਬੁੱਧਵਾਰ ਰਾਤ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ, ਉਦੋਂ ਭਾਜਪਾ ਅਤੇ ਸੰਘ ਦਾ ਗਠਜੋੜ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ।

ਦੱਸਣਯੋਗ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਬੀਤੀ 9 ਨਵੰਬਰ ਨੂੰ ਰਾਮਜਨਮ ਭੂਮੀ ਕੰਪਲੈਕਸ 'ਤੇ ਦਾਅਵੇ ਨੂੰ ਲੈ ਕੇ ਸਾਲਾਂ ਤੋਂ ਚੱਲ ਰਹੇ ਮੁਕੱਦਮੇ ਵਿਚ 2.77 ਏਕੜ ਦੀ ਪੂਰੀ ਭੂਮੀ ਰਾਮਲਲਾ ਦੇ ਨਾਂ ਕਰ ਦਿੱਤੀ ਸੀ। ਇਸ ਮਾਮਲੇ ਵਿਚ ਰਾਮਲਲਾ ਸਮੇਤ ਤਿੰਨ ਧਿਰਾਂ ਸਨ। ਪੰਜ ਜੱਜਾਂ ਦੇ ਬੈਂਚ ਨੇ ਆਪਣੇ ਫ਼ੈਸਲੇ ਵਿਚ ਇਕ ਹੋਰ ਧਿਰ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਵਿਚ ਪੰਜ ਏਕੜ ਭੂਮੀ ਵੰਡ ਕਰਨ ਦਾ ਆਦੇਸ਼ ਦਿੱਤਾ ਸੀ।

ਰਾਮਲਲਾ ਦੇ ਨਾਂ 'ਤੇ ਵੰਡੀ ਗਈ ਜ਼ਮੀਨ 'ਤੇ 26 ਮਈ ਤੋਂ ਰਾਮ ਮੰਦਰ ਨਿਰਮਾਣ ਸ਼ੁਰੂ ਹੋਣ 'ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਪੂਰੀ ਕਰਨ ਦਾ ਕੋਈ ਖ਼ਿਆਲ ਨਹੀਂ ਰੱਖਿਆ ਗਿਆ। ਪਾਕਿਸਤਾਨ ਦੀ ਸਰਕਾਰ ਅਤੇ ਉਥੋਂ ਦੇ ਲੋਕ ਇਸ ਇਤਿਹਾਸਕ ਸਥਾਨ 'ਤੇ ਮੰਦਰ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।

ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਬਾਬਰੀ ਮੁੱਦਾ, ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਜਿਹੇ ਵਿਸ਼ੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਮੁਸਲਮਾਨ ਕਿਸ ਤਰ੍ਹਾਂ ਹਾਸ਼ੀਏ 'ਤੇ ਲਿਆ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਭਾਰਤ ਨੇ ਰਾਮ ਮੰਦਰ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਹਮੇਸ਼ਾ ਖ਼ਾਰਜ ਕੀਤਾ ਹੈ ਅਤੇ ਕੋਰਟ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਭਾਰਤ ਦਾ ਘਰੇਲੂ ਮਾਮਲਾ ਦੱਸਿਆ ਹੈ।