ਪੀਟੀਆਈ, ਇਸਲਾਮਾਬਾਦ : ਪਾਕਿਸਤਾਨ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਲਈ ਪਾਸਪੋਰਟ ਤੋਂ ਬਿਨਾ ਕਰਤਾਰਪੁਰ ਲਾਂਘੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿਮੰਤਰੀ ਏਜਾਜ਼ ਸ਼ਾਹ ਨੇ ਸੰਸਦ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਅਤੇ ਭਾਰਤ ਨੇ ਆਪਣੀਆਂ ਸਰਹੱਦਾਂ ਤੋਂ ਇਤਿਹਾਸਕ ਗਲਿਆਰਿਆਂ ਦਾ ਉਦਘਾਟਨ ਕੀਤਾ ਸੀ।

ਐਕਸਪ੍ਰੈਸ ਟ੍ਰਿਬਿਊਨਲ ਦੀ ਰਿਪੋਰਟ ਮੁਤਾਬਕ ਮੰਤਰੀ ਸ਼ਾਹ ਨੇ ਸ਼ੁੱਕਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਨੈਸ਼ਨਲ ਅਸੈਂਬਲੀ ਨੂੰ ਦੱਸਿਆ ਕਿ ਮੌਜੂਦ ਸਮੇਂ ਵਿਚ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਮੁਕਤ ਦਾਖਲੇ ਦੀ ਇਜਾਜ਼ਤ ਨਹੀਂ ਸੀ ਜੋ ਪਾਕਿਸਤਾਨ ਅਤੇ ਭਾਰਤ ਵਿਚ ਇਕ ਸਮਝੌਤੇ ਮੁਤਾਬਕ ਸੀ।

ਉਨ੍ਹਾਂ ਕਿਹਾ ਕਿ ਇਸ ਪਰਕਿਰਿਆ ਤਹਿਤ ਭਾਰਤੀ ਸ਼ਰਧਾਲੂ ਸਵੇਰ ਤੋਂ ਸ਼ਾਮ ਤਕ ਲਾਂਘਾ ਘੁੰਮ ਸਕਦੇ ਹਨ। ਇਸ ਲਈ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਭਾਰਤੀ ਮੂਲ ਦਾ ਵਿਦੇਸ਼ੀ ਨਾਗਰਿਕ ਹੋਣ 'ਤੇ ਓਵਰਸੀਜ਼ ਸਿਟੀਜ਼ਨ ਕਾਰਡ ਅਤੇ ਜਿਸ ਦੇਸ਼ ਵਿਚ ਰਹਿ ਰਹੇ ਹਨ, ਉਥੋਂ ਦਾ ਪਾਸਪੋਰਟ ਹੋਣਾ ਜ਼ਰੂਰੀ ਹੈ। ਹਾਲਾਂਕਿ ਲਾਂਘੇ ਰਾਹੀਂ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੈ।

ਦੱਸਿਆ ਗਿਆ ਹੈ ਕਿ ਗੁਰਦੁਆਰੇ ਆਏ ਲੋਕਾਂ ਨੂੰ ਉਥੇ ਤਕ ਸੀਮਤ ਰਹਿਣਾ ਹੋਵੇਗਾ। ਪਾਕਿਸਤਾਨ ਵੱਲ ਜਾ ਰਹੇ ਰਾਹ 'ਤੇ ਜਾਣ ਤੋਂ ਗੁਰੇਜ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗਲਿਆਰੇ ਵਿਚ ਅਤੇ ਉਸ ਦੇ ਆਲੇ ਦੁਆਲੇ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਨਿਗਰਾਨੀ ਕੈਮਰਿਆਂ ਜ਼ਰੀਏ ਰੱਖੀ ਜਾਵੇਗੀ।

ਵਿਦੇਸ਼ੀਆਂ ਨੂੰ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ ਦੀ ਪੇਸ਼ਕਸ਼ ਵੀ ਸਦਨ ਵਿਚ ਪੇਸ਼ ਕੀਤੀ ਗਈ। ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੇ ਕਿਹਾ ਕਿ 2009-2012 ਦੌਰਾਨ 1637 ਵਿਦੇਸ਼ੀਆਂ ਨੂੰ ਰਾਸ਼ਟਰੀ ਪਛਾਣ ਪੱਤਰ ਜਾਰੀ ਕੀਤੇ ਗਏ ਸਨ ਜਦਕਿ 474 ਨੂੰ 2013 ਤੋਂ 2018 ਤਕ ਕਾਰਡ ਜਾਰੀ ਕੀਤੇ ਗਏ ਸਨ।

Posted By: Tejinder Thind