ਇਸਲਾਮਾਬਾਦ (ਏਐੱਨਆਈ) : ਸਰਹੱਦ 'ਤੇ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਤੋਂ ਬੁਖ਼ਲਾਏ ਪਾਕਿਸਤਾਨ ਨੇ ਇਕ ਝੂਠਾ ਦਾਅਵਾ ਕੀਤਾ ਹੈ ਕਿ ਉਸ ਵਲੋਂ ਕੀਤੀ ਗਈ ਫਾਇਰਿੰਗ 'ਚ ਭਾਰਤੀ ਫ਼ੌਜ ਦੇ ਨੌਂ ਜਵਾਨ ਮਾਰੇ ਗਏ ਹਨ। ਹਾਲਾਂਕਿ, ਉਸ ਨੇ ਕਬੂਲਿਆ ਹੈ ਕਿ ਭਾਰਤੀ ਫ਼ੌਜ ਦੀ ਕਾਰਵਾਈ 'ਚ ਉਸ ਦਾ ਵੀ ਇਕ ਜਵਾਨ ਤੇ ਤਿੰਨ ਨਾਗਰਿਕ ਮਾਰੇ ਗਏ ਹਨ। ਹਾਲਾਂਕਿ ਵੱਡੀ ਗਿਣਤੀ 'ਚ ਪਾਕਿਸਤਾਨੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ, ਉੱਥੇ ਹੀ ਪਾਕਿ ਫ਼ੌਜ ਦੇ ਬੁਲਾਰੇ ਆਸਿਫ਼ ਗਫ਼ੂਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਸੀਂ ਭਾਰਤ ਦੇ ਦੋ ਬੰਕਰ ਤਬਾਹ ਕੀਤੇ ਹਨ।

ਗਫ਼ੂਰ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਜੂਰਾ, ਸ਼ਾਹਕੋਟ ਤੇ ਨੌਸ਼ਹਿਰਾ ਸੈਕਟਰ 'ਚ ਕਥਿਤ ਰੂਪ 'ਚ ਸੀਜ਼ਫਾਇਰ ਤੋੜੀ ਜਿਸ ਵਿਚ ਪਾਕਿਸਤਾਨੀ ਫ਼ੌਜ ਦਾ ਇਕ ਜਵਾਨ ਤੇ ਤਿੰਨ ਨਾਗਰਿਕ ਮਾਰੇ ਗਏ। ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਰਤੀ ਫ਼ੌਜ ਦੀ ਕਾਰਵਾਈ 'ਚ ਉਸ ਦੇ ਦੋ ਜਵਾਨ ਤੇ ਪੰਜ ਨਾਗਰਿਕ ਜ਼ਖ਼ਮੀ ਹੋ ਗਏ ਹਨ। ਅਸਲ ਵਿਚ, ਐਤਵਾਰ ਸਵੇਰੇ ਪਾਕਿ ਫ਼ੌਜ ਨੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਇਰਾਦੇ ਨਾਲ ਸਰਹੱਦ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਜਵਾਬ 'ਚ ਭਾਰਤੀ ਫ਼ੌਜ ਨੇ ਤੰਗਧਾਰ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਕਰਾਰ ਜਵਾਬ ਦਿੰਦਿਆਂ ਪੀਓਕੇ 'ਚ ਤਕੜਾ ਹਮਲਾ ਬੋਲਿਆ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ, ਭਾਰਤੀ ਫ਼ੌਜ ਨੇ ਤੋਪਾਂ ਰਾਹੀਂ ਪਾਕਿ ਮਕਬੂਜ਼ਾ ਕਸ਼ਮੀਰ 'ਚ ਜੁਰਾ, ਏਯਮੁੱਕਮ ਤੇ ਕੁੰਡਲਾਸ਼ਾਹੀ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫ਼ੌਜ ਦੀ ਇਸ ਕਾਰਵਾਈ ਦੌਰਾਨ 22 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

Posted By: Seema Anand