ਕਰਾਚੀ (ਪੀਟੀਆਈ) : ਪਾਕਿਸਤਾਨ ਨੇ ਆਪਣੇ ਜਲ ਖੇਤਰ ਦੀ ਸਰਹੱਦ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ 17 ਭਾਰਤੀ ਮਛੇਰਿਆਂ ਨੂੰ ਫੜ ਲਿਆ ਹੈ। ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ। ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਮਛੇਰਿਆਂ ਨੂੰ ਜੁਡੀਸ਼ਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਪਾਕਿਸਤਾਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਇਹ ਲੋਕ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਪ੍ਰੰਤੂ ਉਨ੍ਹਾਂ ਨੇ ਇਸ ਨੂੰ ਨਹੀਂ ਮੰਨਿਆ। ਇਹ ਘਟਨਾ ਪਾਕਿਸਤਾਨੀ ਜਲ ਖੇਤਰ ਵਿਚ ਸਰ ਕ੍ਰੀਕ ਦੀ ਹੈ। ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੀ ਜੇਲ੍ਹ ਭੇਜਿਆ ਗਿਆ ਹੈ। ਇਕ ਸਾਲ ਪਹਿਲੇ ਵੀ ਪਾਕਿਸਤਾਨ ਨੇ 23 ਮਛੇਰਿਆਂ ਨੂੰ ਫੜਦੇ ਹੋਏ ਉਨ੍ਹਾਂ ਦੀਆਂ ਚਾਰ ਕਿਸ਼ਤੀਆਂ ਜ਼ਬਤ ਕਰ ਲਈਆਂ ਸਨ। ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਮਛੇਰਿਆਂ ਦੀ ਗਿ੍ਫ਼ਤਾਰੀ ਕਰਦੇ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਅਰਬ ਸਾਗਰ ਵਿਚ ਸਰਹੱਦ ਨੂੰ ਲੈ ਕੇ ਸਹੀ ਅੰਦਾਜ਼ਾ ਨਾ ਲੱਗ ਸਕਣਾ ਹੈ। ਮਛੇਰੇ ਤਕਨੀਕੀ ਤੌਰ 'ਤੇ ਏਨੇ ਸਮਰੱਥ ਨਹੀਂ ਹਨ ਕਿ ਉਹ ਆਪਣੀ ਸਹੀ ਲੋਕੇਸ਼ਨ ਨੂੰ ਜਾਣ ਸਕਣ। ਲਾਲਫੀਤਾਸ਼ਾਹੀ ਅਤੇ ਨਿਆਇਕ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਨ ਕਈ ਵਾਰ ਤਾਂ ਮਛੇਰੇ ਇਕ-ਇਕ ਸਾਲ ਤਕ ਜੇਲ੍ਹਾਂ ਵਿਚ ਕੈਦ ਰਹਿਣ ਨੂੰ ਮਜਬੂਰ ਹੁੰਦੇ ਹਨ।

Posted By: Ravneet Kaur