ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਸਰਦਾਰ ਤੇ ਨਤੀਜਿਆਂ 'ਤੇ ਕੇਂਦਰਤ ਸਹਿਯੋਗ 'ਚ ਭਰੋਸਾ ਰੱਖਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਐਲਾਨਨਾਮੇ 'ਚ ਦੱਸੇ ਗਏ ਖ਼ੁਦਮੁਖ਼ਤਿਆਰ ਸਮਾਨਤਾ ਤੇ ਆਪਸੀ ਸਨਮਾਨ ਦੇ ਮੁੱਖ ਸਿਧਾਂਤ 'ਤੇ ਅਮਲ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ।

35ਵੇਂ ਸਾਰਕ ਐਲਾਨਨਾਮਾ ਦਿਵਸ 'ਤੇ ਆਪਣੇ ਸੰਦੇਸ਼ 'ਚ ਇਮਰਾਨ ਨੇ ਕਿਹਾ ਕਿ ਅੱਠ ਦਸੰਬਰ ਉਹ ਦਿਨ ਹੈ ਜਦੋਂ ਨੇਤਾਵਾਂ ਦੇ ਨਜ਼ਰੀਏ ਤੇ ਦੂਰਅੰਦੇਸ਼ੀ ਨਾਲ ਸਾਰਕ ਦਾ ਐਲਾਨਨਾਮਾ ਅਪਣਾਇਆ ਸੀ ਤੇ ਦੱਖਣੀ ਏਸ਼ੀਆ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਪ੍ਰਗਟਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਲੋਕਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤੇ ਉਨ੍ਹਾਂ ਨੂੰ ਆਪਣੇ ਨੇਤਾਵਾਂ ਤੋਂ ਉਮੀਦ ਹੈ ਕਿ ਉਹ ਗ਼ਰੀਬੀ, ਅਣਪੜ੍ਹਤਾ, ਬਿਮਾਰੀ, ਅਧੂਰੇ ਵਿਕਾਸ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ।

ਇਮਰਾਨ ਨੇ ਕਿਹਾ ਕਿ ਪਾਕਿਸਤਾਨ ਨਿੱਜੀ, ਰਾਸ਼ਟਰੀ ਤੇ ਖੇਤਰੀ ਵਿਕਾਸ 'ਚ ਖੇਤਰੀ ਸਹਿਯੋਗ ਦੀ ਸ਼ਕਤੀ ਤੇ ਸਮਰੱਥਾ 'ਚ ਪੂਰਾ ਭਰੋਸਾ ਰੱਖਦਾ ਹੈ।

ਢਾਕਾ 'ਚ ਅੱਠ ਦਸੰਬਰ 1985 ਨੂੰ ਸਾਰਕ ਦੇ ਪਹਿਲੇ ਸਿਖਰ ਸੰਮੇਲਨ ਦੌਰਾਨ ਸਾਰਕ ਦੇ ਸੱਤ ਦੇਸ਼ਾਂ-ਮਾਲਦੀਵ, ਭਾਰਤ, ਭੂਟਾਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ-ਨੇ ਸਾਰਕ ਦੀ ਸਥਾਪਨਾ ਬਾਰੇ ਇਕ ਐਲਾਨਨਾਮੇ 'ਤੇ ਦਸਤਖ਼ਤ ਕੀਤੇ ਸਨ। ਅਫ਼ਗਾਨਿਸਤਾਨ 2007 'ਚ ਸਾਰਕ ਦਾ ਅੱਠਵਾਂ ਮੈਂਬਰ ਦੇਸ਼ ਬਣਿਆ। ਹਰ ਸਾਲ ਅੱਠ ਦਸੰਬਰ ਨੂੰ ਸਾਰਕ ਐਲਾਨਨਾਮਾ ਦਿਵਸ ਮਨਾਇਆ ਜਾਂਦਾ ਹੈ। ਸਾਲ 2016 'ਚ ਸਾਰਕ ਸਿਖਰ ਸੰਮੇਲਨ ਇਸਲਾਮਾਬਾਦ 'ਚ ਹੋਣਾ ਸੀ ਪਰ ਉਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਉੜੀ 'ਚ ਫ਼ੌਜ ਦੇ ਅੱਡੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸੰਮੇਲਨ ਦਾ ਬਾਈਕਾਟ ਕਰ ਦਿੱਤਾ। ਭਾਰਤ ਦੇ ਸਮਰਥਨ 'ਚ ਭੂਟਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਨੇ ਵੀ ਬੈਠਕ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੰਮੇਲਨ ਹੀ ਰੱਦ ਕਰ ਦਿੱਤਾ ਗਿਆ ਸੀ।