ਲਾਹੌਰ (ਏਜੰਸੀ) : ਪਾਕਿਸਤਾਨ ਦੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਵੀਰਵਾਰ ਨੂੰ ਪਾਬੰਦੀਸ਼ੁਦਾ ਸੰਗਠਨ ਲਸ਼ਕਰ/ ਜਮਾਤ ਦੇ ਚਾਰ ਵੱਡੇ ਅੱਤਵਾਦੀਆਂ ਨੂੰ ਅੱਤਵਾਦ ਫੰਡਿੰਗ ਦੇ ਦੋਸ਼ 'ਚ ਗਿ੍ਫ਼ਤਾਰ ਕਰ ਲਿਆ। ਇਸ ਕਦਮ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਨ ਦੀ ਪੂਰੀ ਕੋਰ ਲੀਡਰਸ਼ਿਪ ਹੁਣ ਸੁਣਵਾਈ ਦਾ ਸਾਹਮਣਾ ਕਰੇਗੀ। ਲਸ਼ਕਰ-ਏ-ਤਇਬਾ/ ਜਮਾਤ-ਉਦ-ਦਾਵਾ ਦੇ ਗਿ੍ਫ਼ਤਾਰ ਅੱਤਵਾਦੀਆਂ 'ਚ ਪ੍ਰੋਫੈਸਰ ਜਫ਼ਰ ਇਕਬਾਲ, ਯਾਹੀਆ ਅਜੀਜ਼, ਮੁਹੰਮਦ ਅਸ਼ਰਫ਼ ਤੇ ਅਬਦੁੱਲ ਸਲਾਮ ਸ਼ਾਮਲ ਹਨ। ਪਾਕਿਸਤਾਨ ਨੇ ਇਹ ਕਦਮ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਮਹੱਤਵਪੂਰਣ ਸਮੁੱਚੀ ਬੈਠਕ ਤੋਂ ਪਹਿਲਾਂ ਉਠਾਇਆ ਹੈ। ਇਹ ਬੈਠਕ ਪੈਰਿਸ 'ਚ 12 ਤੋਂ 15 ਅਕਤੂਬਰ ਤੱਕ ਹੋਵੇਗੀ।

ਪੈਰਿਸ ਸਥਿਤ ਵਾਚਡਾਗ ਨੇ ਪਿਛਲੇ ਸਾਲ ਜੂਨ 'ਚ ਪਾਕਿਸਤਾਨ ਨੂੰ ਗ੍ਰੇ ਸੂਚੀ 'ਚ ਪਾਇਆ ਸੀ। ਉਸਨੂੰ ਇਕ ਕਾਰਵਾਈ ਦੀ ਯੋਜਨਾ ਸੌਂਪੀ ਸੀ ਜਿਸਨੂੰ ਅਕਤੂਬਰ 2019 ਤੱਕ ਪੂਰਾ ਕੀਤਾ ਜਾਣਾ ਸੀ। ਇਸ ਤਰ੍ਹਾਂ ਨਹੀਂ ਹੋਣ 'ਤੇ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਸ਼ਾਮਲ ਹੋਣ ਦਾ ਖ਼ਤਰਾ ਹੈ। ਕਾਲੀ ਸੂਚੀ 'ਚ ਹਾਲੇ ਈਰਾਨ ਤੇ ਉੱਤਰੀ ਕੋਰੀਆ ਹਨ।

ਅੱਤਵਾਦ ਰੋਕੂ ਦਸਤਾ (ਸੀਟੀਡੀ) ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰੀ ਕਾਰਵਾਈ ਯੋਜਨਾ (ਐੱਨਏਪੀ) 'ਚ 'ਅਹਿਮ ਤਰੱਕੀ' ਹੋਈ ਹੈ। ਸੀਟੀਡੀ ਪੰਜਾਬ ਨੇ ਪਾਬੰਦੀਸ਼ੁਦਾ ਸੰਗਠਨਾਂ ਜਮਾਤ/ਲਸ਼ਕਰ ਦੇ ਪ੍ਰਮੁੱਖ ਨੇਤਾਵਾਂ ਨੂੰ ਅੱਤਵਾਦ ਫੰਡਿੰਗ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ।

ਸੀਟੀਡੀ ਨੇ ਕਿਹਾ ਕਿ ਜਮਾਤ/ ਲਸ਼ਕਰ ਪ੍ਰਮੁੱਖ ਹਾਫਿਜ਼ ਸਈਦ ਪਹਿਲਾਂ ਹੀ ਜੇਲ੍ਹ 'ਚ ਬੰਦ ਹੈ ਅਤੇ ਉਹ ਅੱਤਵਾਦ ਫੰਡਿੰਗ ਕਰਨ ਦੇ ਅਪਰਾਧ ਲਈ ਸੁਣਵਾਈ ਦਾ ਸਾਹਮਣਾ ਕਰੇਗਾ। ਹੁਣ ਜਮਾਤ/ ਲਸ਼ਕਰ ਦੀ ਪੂਰੀ ਮੁੱਖ ਲੀਡਰਸ਼ਿਪ ਸੁਣਵਾਈ ਦਾ ਸਾਹਮਣਾ ਕਰੇਗੀ। ਸੀਟੀਡੀ ਨੇ ਸਈਦ ਨੂੰ 17 ਜੁਲਾਈ ਨੂੰ ਗਿ੍ਫ਼ਤਾਰ ਕੀਤਾ ਸੀ। ਹਾਲੇ ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਬੰਦ ਹੈ। ਅਮਰੀਕੀ ਟ੍ਰੇਜ਼ਰੀ ਵਿਭਾਗ ਨੇ ਉਸਨੂੰ ਵਿਸ਼ਵ ਅੱਤਵਾਦੀ ਐਲਾਨਿਆ ਹੋਇਆ ਹੈ। 2012 'ਚ ਹੀ ਅਮਰੀਕਾ ਨੇ ਉਸਨੂੰ ਅਦਾਲਤ ਦੇ ਕਟਹਿਰੇ 'ਚ ਪਹੁੰਚਾਉਣ ਵਾਲੀ ਸੂਚਨਾ ਦੇਣ ਵਾਲੇ ਨੂੰ ਕਿ ਕਰੋੜ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਸੀ।

ਸੀਟੀਡੀ ਪੰਜਾਬ ਅੱਤਵਾਦੀ ਫੰਡਿੰਗ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਮੁਲਜ਼ਮਾਂ ਨੇ ਅੱਤਵਾਦੀ ਫੰਡਿੰਗ ਤੋਂ ਇਕੱਠੇ ਕੀਤੇ ਧਨ ਦੀ ਵਰਤੋਂ ਕਰ ਕੇ ਜਾਇਦਾਦ ਬਣਾਈ ਹੈ। ਸੀਟੀਡੀ ਨੇ ਕਿਹਾ ਕਿ ਸ਼ੱਕੀ ਲੋਕਾਂ ਨੇ ਅੱਗੇ ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦ ਲਈ ਅਤੇ ਪੈਸਾ ਇਕੱਠਾ ਕਰਨ 'ਚ ਕੀਤੀ।

ਸ਼ੱਕੀ ਲੋਕਾਂ ਅਤੇ ਉਨ੍ਹਾਂ ਦੇ ਸੰਗਠਨਾਂ ਜਮਾਤ/ਲਸ਼ਕਰ ਨੂੰ ਜਾਇਦਾਦਾਂ ਦਾਨ ਕਰਨ ਵਾਲੇ ਕਈ ਲੋਕ ਵੀ ਜਾਂਚ ਦੇ ਦਾਇਰੇ 'ਚ ਹਨ। ਸ਼ੱਕੀ ਲੋਕਾਂ ਨੇ ਅਲ ਅਨਫਾਲ ਟਰੱਸਟ ਵਰਗੇ ਗਈ ਟਰੱਸਟ ਬਣਾਏ। ਇਹ ਟਰੱਸਟ ਹੀ ਅੱਤਵਾਦੀ ਸੰਗਠਨਾਂ ਦੇ ਮੁਖੌਟੇ ਵਜੋਂ ਕੰਮ ਕਰ ਰਹੇ ਸਨ। ਜਾਇਦਾਦਾਂ ਸਰਕਾਰ ਵੱਲੋਂ ਫਰੀਜ਼ ਕੀਤੀਆਂ ਜਾ ਚੁੱਕੀਆਂ ਹਨ।