ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਸਰਕਾਰ ਨੇ ਲੰਡਨ ਵਿਚ ਇਲਾਜ ਕਰਵਾ ਰਹੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਨੂੰ ਬਿ੍ਟੇਨ ਤੋਂ ਜਲਾਵਤਨ ਕਰਨ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੀ ਅਪੀਲ ਤੀਜੀ ਵਾਰ ਕੀਤੀ ਗਈ ਹੈ। ਉਹ ਚਾਰ ਹਫ਼ਤਿਆਂ ਲਈ ਅਦਾਲਤ ਤੋਂ ਜ਼ਮਾਨਤ ਲੈ ਕੇ ਲੰਡਨ ਗਏ ਸਨ, ਤਦ ਤੋਂ ਦੇਸ਼ ਨਹੀਂ ਪਰਤੇ।

ਪਾਕਿਸਤਾਨ ਦੀ ਸਰਕਾਰ ਨੇ ਨਵੰਬਰ ਤੋਂ ਲੰਡਨ ਵਿਚ ਰਹਿ ਰਹੇ ਨਵਾਜ਼ ਦਾ ਵੀਜ਼ਾ ਰੱਦ ਕਰ ਕੇ ਉਨ੍ਹਾਂ ਨੂੰ ਉੱਥੋਂ ਜਲਾਵਤਨ ਕਰਨ ਦੇ ਸਬੰਧ ਵਿਚ ਬਿ੍ਟੇਨ ਸਰਕਾਰ ਨੂੰ ਤੀਜੀ ਵਾਰ ਪੱਤਰ ਲਿਖਿਆ ਹੈ। ਪੱਤਰ ਵਿਚ ਦਲੀਲ ਦਿੱਤੀ ਗਈ ਹੈ ਕਿ ਬਿ੍ਟੇਨ ਦੇ ਆਪਣੇ ਇਮੀਗ੍ਰੇਸ਼ਨ ਕਾਨੂੰਨ ਵਿਚ ਹੀ ਇਹ ਵਿਵਸਥਾ ਹੈ ਕਿ ਜਿਸ ਵਿਅਕਤੀ ਨੂੰ ਕਿਸੇ ਵੀ ਮਾਮਲੇ ਵਿਚ ਚਾਰ ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਈ ਗਈ ਹੈ ਉਸ ਨੂੰ ਆਪਣੇ ਦੇਸ਼ ਲਈ ਭੇਜਿਆ ਜਾਣਾ ਚਾਹੀਦਾ ਹੈ। ਨਵਾਜ਼ ਨੂੰ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਖ਼ਿਲਾਫ਼ ਵਾਰੰਟ ਵੀ ਕੱਢ ਦਿੱਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਪਿਛਲੇ ਮਹੀਨੇ ਵੀ ਅਜਿਹੀ ਹੀ ਅਪੀਲ ਕੀਤੀ ਸੀ, ਜਦੋਂ ਨਵਾਜ਼ ਸ਼ਰੀਫ ਦੀ ਇਸਲਾਮਾਬਾਦ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ।