ਇਸਲਾਮਾਬਾਦ (ਏਜੰਸੀਆਂ) : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮਸਲੇ 'ਤੇ ਪਾਕਿਸਤਾਨ ਨੇ ਤੁਰੰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੀ ਬੈਠਕ ਬੁਲਾਏ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਯੂਐੱਨਐੱਸਸੀ ਦੇ ਚੇਅਰਮੈਨ ਜੋਨਾ ਰੋਨੇਕਾ ਨੂੰ ਪੱਤਰ ਲਿਖਿਆ ਹੈ। ਪੱਤਰ 'ਚ ਕੁਰੈਸ਼ੀ ਨੇ ਲਿਖਿਆ ਹੈ, 'ਮੈਂ ਤੁਹਾਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਤੁਰੰਤ ਬੈਠਕ ਬੁਲਾਉਣ ਦੀ ਅਪੀਲ ਕਰਦਾ ਹਾਂ... ਤਾਂ ਜੋ ਭਾਰਤ ਵਲੋਂ ਕੀਤੀਆਂ ਗਈਆਂ ਉਨ੍ਹਾਂ ਹਾਲੀਆ ਹਿੰਸਕ ਕਾਰਵਾਈਆਂ 'ਤੇ ਵਿਚਾਰ ਕੀਤਾ ਜਾ ਸਕੇ ਜਿਨ੍ਹਾਂ ਨਾਲ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ।' ਉਨ੍ਹਾਂ ਕਿਹਾ ਕਿ ਪਾਕਿਸਤਾਨ ਸੰਘਰਸ਼ ਲਈ ਨਹੀਂ ਉਕਸਾਏਗਾ, ਪਰ ਭਾਰਤ ਨੂੰ ਉਸਦੇ ਸੰਜਮ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਦੱਸਣਯੋਗ ਹੈ ਕਿ ਇਸ ਮਹੀਨੇ ਪਾਲੈਂਡ ਸੁਰੱਖਿਆ ਪ੍ਰਰੀਸ਼ਦ ਦਾ ਚੇਅਰਮੈਨ ਹੈ। ਪਾਲੈਂਡ ਦੇ ਵਿਦੇਸ਼ ਮੰਤਰੀ ਜਸੇਕ ਸੀਜਾਪੁਟੋਵਿਜ ਨੇ ਪਾਕਿਸਤਾਨ ਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਮਤਭੇਦ ਹੱਲ ਕਰਨ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਪੋਲੈਂਡ ਦੇ ਸਥਾਈ ਨੁਮਾਇੰਦੇ ਜੋਨਾ ਰੋਨੇਕਾ ਸ਼ਾਇਦ ਪਾਕਿਸਤਾਨ ਦੀ ਅਪੀਲ 'ਤੇ ਪ੍ਰੀਸ਼ਦ ਦੇ ਹੋਰ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰਨਗੇ।