ਇਸਲਾਮਾਬਾਦ (ਪੀਟੀਆਈ) : ਅਯੁੱਧਿਆ 'ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਭਾਰਤ ਵਿਚ ਸਬੰਧਿਤ ਧਿਰਾਂ ਸੰਤੁਸ਼ਟੀ ਦਾ ਪ੍ਰਗਟਾਵਾ ਕਰ ਰਹੀਆਂ ਹਨ ਪ੍ਰੰਤੂ ਗੁਆਂਢੀ ਦੇਸ਼ ਪਾਕਿਸਤਾਨ ਨੂੰ ਇਸ ਤੋਂ ਮਿਰਚਾਂ ਲੱਗ ਗਈਆਂ ਹਨ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਯੁੱਧਿਆ 'ਤੇ ਫ਼ੈਸਲੇ ਦੇ ਸਮੇਂ 'ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਏ ਇਸ ਫ਼ੈਸਲੇ ਤੋਂ ਉਨ੍ਹਾਂ ਨੂੰ ਡੂੰਘਾ ਦੁੱਖ ਪੁੱਜਾ ਹੈ। ਕੁਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਖ਼ੁਸ਼ੀ ਦਾ ਮੌਕਾ ਸੀ ਪ੍ਰੰਤੂ ਭਾਰਤ ਨੇ ਇਸ 'ਤੇ ਪਾਣੀ ਫੇਰਨ ਵਿਚ ਕੋਈ ਕਸਰ ਨਹੀਂ ਛੱਡੀ। ਪਾਕਿਸਤਾਨ ਦੇ ਹੋਰ ਆਗੂਆਂ ਅਤੇ ਫ਼ੌਜ ਨੇ ਵੀ ਇਹੋ ਜਿਹੀ ਹੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।

'ਡਾਨ ਨਿਊਜ਼' ਟੀਵੀ 'ਤੇ ਦਿੱਤੀ ਪ੍ਰਤੀਕਿਰਿਆ ਵਿਚ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਇਸ ਫ਼ੈਸਲੇ ਲਈ ਕੀ ਕੁਝ ਦਿਨ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਸੀ। ਇਸ ਨੇ ਖ਼ੁਸ਼ੀ ਦੇ ਮੌਕੇ ਨੂੰ ਦੁੱਖ ਵਾਲਾ ਦਿਨ ਬਣਾ ਦਿੱਤਾ ਪ੍ਰੰਤੂ ਭਾਰਤ ਸਰਕਾਰ ਅਜਿਹਾ ਕਰ ਕੇ ਲੋਕਾਂ ਦਾ ਧਿਆਨ ਨਹੀਂ ਮੋੜ ਸਕਦੀ। ਇਕ ਸੰਵੇਦਨਸ਼ੀਲ ਅਤੇ ਵਿਵਾਦਤ ਮਸਲੇ 'ਤੇ ਇਸ ਤਰ੍ਹਾਂ ਦਾ ਫ਼ੈਸਲਾ ਦੇ ਕੇ ਤੁਸੀਂ ਖ਼ੁਸ਼ੀ ਨਹੀਂ ਮਨਾ ਸਕਦੇ। ਕੁਰੈਸ਼ੀ ਨੇ ਕਿਹਾ ਕਿ ਭਾਰਤ ਦੇ ਮੁਸਲਮਾਨ ਪਹਿਲੇ ਤੋਂ ਹੀ ਦਬਾਅ ਵਿਚ ਜੀਅ ਰਹੇ ਹਨ। ਸੁਪਰੀਮ ਕੋਰਟ ਦਾ ਤਾਜ਼ਾ ਫ਼ੈਸਲਾ ਉਨ੍ਹਾਂ ਦੇ ਜੀਵਨ 'ਤੇ ਦਬਾਅ ਨੂੰ ਹੋਰ ਵਧਾਏਗਾ।

ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਿਚ ਅੱਗੇ ਰਹਿਣ ਵਾਲੇ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦੇ ਮੰਤਰੀ ਫਵਾਦ ਚੌਧਰੀ ਨੇ ਭਾਰਤੀ ਅਦਾਲਤ ਦੇ ਫ਼ੈਸਲੇ ਨੂੰ ਅਪਮਾਨਜਨਕ, ਨਾਜਾਇਜ਼ ਅਤੇ ਅਨੈਤਿਕ ਦੱਸਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੂਚਨਾ ਮਾਮਲਿਆਂ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਹੈ ਕਿ ਭਾਰਤੀ ਅਦਾਲਤ ਨੇ ਸੰਦੇਸ਼ ਦਿੱਤਾ ਹੈ ਕਿ ਉਹ ਸੁਤੰਤਰ ਨਹੀਂ ਹੈ। ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਬਣਾ ਕੇ ਘੱਟ ਗਿਣਤੀਆਂ ਪ੍ਰਤੀ ਆਪਣੀ ਸੋਚ ਪ੍ਰਗਟ ਕੀਤੀ ਜਦਕਿ ਭਾਰਤ ਨੇ ਅਯੁੱਧਿਆ 'ਤੇ ਫ਼ੈਸਲਾ ਸੁਣਾ ਕੇ ਘੱਟ ਗਿਣਤੀ ਮੁਸਲਿਮਾਂ ਪ੍ਰਤੀ ਆਪਣੀ ਨੀਤੀ ਉਜਾਗਰ ਕੀਤੀ ਹੈ।