ਲਾਹੌਰ (ਏਐੱਨਆਈ) : ਪਾਕਿਸਤਾਨ ਵਿਚ ਲਾਹੌਰ ਸ਼ਹਿਰ ਦੇ ਐੱਸਐੱਸਪੀ ਮੁਫਖਾਰ ਅਦੀਲ ਅਤੇ ਸਾਬਕਾ ਅਟਾਰਨੀ ਜਨਰਲ ਸ਼ਾਹਬਾਜ਼ ਅਹਿਮਦ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਦੋਵਾਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ ਹੈ।

ਨਿਊਜ਼ ਇੰਟਰਨੈਸ਼ਨਲ ਅਖ਼ਬਾਰ 'ਚ ਵੀਰਵਾਰ ਨੂੰ ਛਪੀ ਇਕ ਖ਼ਬਰ ਅਨੁਸਾਰ ਲਾਹੌਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਦੀਲ ਅਤੇ ਸ਼ਾਹਬਾਜ਼ ਦੋਸਤ ਸਨ। ਪਿਛਲੇ ਹਫ਼ਤੇ ਸ਼ੱਕੀ ਹਾਲਾਤ ਵਿਚ ਕੁਝ ਅਣਪਛਾਤੇ ਲੋਕਾਂ ਨੇ ਦੋਵਾਂ ਦਾ ਅਗਵਾ ਕਰ ਲਿਆ। ਪੰਜਾਬ ਸੂਬੇ ਦੇ ਆਈਜੀ ਸ਼ੋਏਬ ਦਸਤਗੀਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ ਹੈ।

ਸ਼ਹਿਰ ਦੇ ਜੋਹਰ ਟਾਊਨ ਅਤੇ ਨਸੀਰਾਬਾਦ ਪੁਲਿਸ ਸਟੇਸ਼ਨਾਂ ਵਿਚ ਅਲੱਗ-ਅਲੱਗ ਮਾਮਲੇ ਦਰਜ ਕਰਵਾਏ ਗਏ ਹਨ। ਨਸੀਰਾਬਾਦ 'ਚ ਦਰਜ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸ਼ਾਹਬਾਜ਼ ਸੱਤ ਫਰਵਰੀ ਨੂੰ ਆਪਣੇ ਦਫ਼ਤਰ ਤੋਂ ਨਿਕਲੇ ਸਨ ਪ੍ਰੰਤੂ ਉਸ ਪਿੱਛੋਂ ਨਜ਼ਰ ਨਹੀਂ ਆਏ। ਇਸੇ ਦਿਨ ਐੱਸਐੱਸਪੀ ਦੇ ਵੀ ਲਾਪਤਾ ਹੋਣ ਦੀ ਖ਼ਬਰ ਆਈ। ਉਨ੍ਹਾਂ ਦੀ ਪਤਨੀ ਨੇ ਜੋਹਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਅਦੀਲ ਦੀ ਸਰਕਾਰੀ ਗੱਡੀ ਇਕ ਸ਼ਾਪਿੰਗ ਮਾਲ ਦੇ ਬਾਹਰੋਂ ਬਰਾਮਦ ਕੀਤੀ ਗਈ ਹੈ। ਦੋਵਾਂ ਦੇ ਮੋਬਾਈਲ ਫੋਨ ਵੀ ਬੰਦ ਹਨ।

ਇਕ ਗੁਪਤ ਜਾਂਚ ਕਰ ਰਹੇ ਸਨ ਅਦੀਲ

ਪੁਲਿਸ ਸੂਤਰਾਂ ਨੇ ਦੱਸਿਆ ਕਿ ਅਦੀਲ ਪਿਛਲੇ ਕੁਝ ਦਿਨਾਂ ਤੋਂ ਕਿਸੇ ਮਾਮਲੇ ਦੀ ਗੁਪਤ ਜਾਂਚ ਕਰ ਰਹੇ ਸਨ। ਸਾਲ 2008 ਵਿਚ ਪੁਲਿਸ ਨਾਲ ਜੁੜਨ ਵਾਲੇ ਅਦੀਲ ਅਤੇ ਸ਼ਾਹਬਾਜ਼ ਚੰਗੇ ਦੋਸਤ ਸਨ। ਦੋਵੇਂ ਪਾਰਟੀਆਂ ਵਿਚ ਇਕੱਠੇ ਹੀ ਜਾਂਦੇ ਸਨ।