ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ 'ਚ ਜਵਾਬਦੇਹੀ ਅਦਾਲਤ ਦੇ ਜੱਜ ਅਰਸ਼ਦ ਮਲਿਕ ਦਾ ਵੀਡੀਓ ਕਾਂਡ ਸੁਪਰੀਮ ਕੋਰਟ ਪਹੁੰਚ ਗਿਆ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨਾਂ 'ਚ ਵਿਵਾਦਤ ਵੀਡੀਓ ਦੀ ਜਾਂਚ ਪੜਤਾਲ ਲਈ ਨਿਆਇਕ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ ਗਈ। ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਅਰਸ਼ਦ ਮਲਿਕ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦਬਾਅ 'ਚ ਆ ਕੇ ਉਨ੍ਹਾਂ ਦੇ ਪਿਤਾ ਨੂੰ ਭਿ੍ਸ਼ਟਾਚਾਰ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ। ਆਪਣੇ ਦਾਅਵੇ ਨੂੰ ਲੈ ਕੇ ਮਰੀਅਮ ਨੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਜੱਜ ਮਲਿਕ ਨੇ ਅਖੌਤੀ ਤੌਰ 'ਤੇ ਸਜ਼ਾ ਪਿੱਛੇ ਦਬਾਅ ਹੋਣ ਦੀ ਗੱਲ ਕਹੀ ਹੈ। ਪਰ ਮਲਿਕ ਨੇ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਆਗੂਆਂ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਤੇ ਧਮਕੀ ਵੀ ਦਿੱਤੀ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਸਿਫ ਸਈਦ ਖੋਸਾ ਦੀ ਅਦਾਲਤ 'ਚ ਹੋਈ। ਪਟੀਸ਼ਨਕਰਤਾ ਦੇ ਵਕੀਲ ਨੇ ਵੀਡੀਓ ਕਾਂਡ ਨੂੰ ਲੈ ਕੇ ਨਿਆਂਪਾਲਿਕਾ 'ਤੇ ਉੱਠ ਰਹੇ ਸਵਾਲਾਂ ਦਾ ਜ਼ਿਕਰ ਕਰਦਿਆਂ ਨਿਆਇਕ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ। ਪਿਛਲੇ ਹਫ਼ਤੇ ਇਸਲਾਮਾਬਾਦ ਹਾਈ ਕੋਰਟ ਨੇ ਅਰਸ਼ਦ ਮਲਿਕ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।