ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ 'ਚ ਪਿਛਲੇ ਮਹੀਨੇ ਹੌਸਟਲ ਦੇ ਕਮਰੇ 'ਚ ਸ਼ੱਕੀ ਹਾਲਾਤ 'ਚ ਮਿ੍ਤਕ ਮਿਲੀ ਡੈਂਟਲ ਵਿਦਿਆਰਥਣ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਸੀ। ਇਕ ਮੈਡੀਕਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਮਰਤਾ ਕੁਮਾਰੀ ਦੀ ਮੌਤ ਫੇਫੜਿਆਂ ਤਕ ਆਕਸੀਜਨ ਨਾ ਪਹੁੰਚਣ ਕਾਰਨ ਹੋਈ ਸੀ। ਨਮਰਤਾ ਲਰਕਾਨਾ ਸਥਿਤ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਤੋਂ ਡੈਂਟਲ ਸਰਜਰੀ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਸੀ। ਬੀਤੀ 16 ਸਤੰਬਰ ਨੂੰ ਉਸ ਦੀ ਲਾਸ਼ ਹੌਸਟਲ ਦੇ ਕਮਰੇ 'ਚ ਪੱਖੇ ਨਾਲ ਲਟਕੀ ਮਿਲੀ ਸੀ। ਪੁਲਿਸ ਨੇ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਸੀ। ਪਰ ਨਮਰਤਾ ਦੇ ਪਰਿਵਾਰ ਵਾਲਿਆਂ ਤੇ ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਹੱਤਿਆ ਦਾ ਮਾਮਲਾ ਹੈ।

ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸਿਜ ਵੱਲੋਂ ਤਿਆਰ ਮੈਡੀਕਲ ਰਿਪੋਰਟ ਬੁੱਧਵਾਰ ਨੂੰ ਲਰਕਾਨਾ ਪੁਲਿਸ ਨੂੰ ਸੌਂਪ ਦਿੱਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਨਮਰਤਾ ਦੇ ਦਿਲ, ਕਿਡਨੀ, ਫੇਫੜੇ ਤੇ ਲਿਵਰ 'ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਜ਼ਰ ਨਹੀਂ ਆਈ। ਲਿਹਾਜ਼ਾ ਇਹ ਗ਼ੈਰ ਕੁਦਰਤੀ ਮੌਤ ਦਾ ਮਾਮਲਾ ਨਹੀਂ ਹੈ।

ਸਿੰਧ 'ਚ ਇਕ ਹੋਰ ਹਿੰਦੂ ਲੜਕੀ ਅਗ਼ਵਾ

ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਸਿੰਧ ਸੂਬੇ 'ਚ ਇਕ ਹੋਰ ਹਿੰਦੂ ਕੁੜੀ ਨੂੰ ਅਗ਼ਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਲੜਕੀ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਮੁਸਲਿਮ ਭਾਈਚਾਰੇ ਦੇ ਕੁਝ ਲੋਕ ਜ਼ਬਰਦਸਤੀ ਚੁੱਕ ਕੇ ਲੈ ਗਏ ਸਨ।

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ 'ਚ ਅਖੌਤੀ ਮਨੁੱਖੀ ਅਧਿਕਾਰ ਉਲੰਘਣਾ ਨੂੰ ਮੁੱਦਾ ਬਣਾਉਂਦੇ ਹੋਏ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ 'ਚ ਨਿੱਤ ਦਿਨ ਘੱਟ ਗਿਣਤੀ ਹਿੰਦੂਆਂ 'ਤੇ ਜ਼ੁਲਮਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਦੇਸ਼ 'ਚ ਹਰ ਸਾਲ 12 ਤੋਂ 28 ਸਾਲ ਤਕ ਦੀਆਂ ਕਰੀਬ ਇਕ ਹਜ਼ਾਰ ਹਿੰਦੂ ਲੜਕੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ।