ਇਸਲਾਮਾਬਾਦ : ਹੱਜ ਸਬਸਿਡੀ ਖ਼ਤਮ ਕਰਨ ਦੇ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਨਾਲ 450 ਕਰੋੜ ਰੁਪਏ ਦੀ ਬੱਚਤ ਹੋਵੇਗੀ। ਪਾਕਿਸਤਾਨ ਦੇ ਧਾਰਮਿਕ ਤੇ ਆਪਸੀ ਭਾਈਚਾਰੇ ਮਾਮਲਿਆਂ ਦੇ ਮੰਤਰੀ ਨੂਰੁੱਲ ਹੱਕ ਕਾਦਰੀ ਨੇ ਇਹ ਜਾਣਕਾਰੀ ਦਿੱਤੀ। ਹੱਜ ਸਬਸਿਡੀ ਖ਼ਤਮ ਕਰਨ ਦਾ ਫ਼ੈਸਲਾ ਹੁਣੇ ਜਿਹੇ ਇਸਲਾਮਾਬਾਦ 'ਚ ਪਾਕਿਸਤਾਨ ਦੇ ਪ੍ਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਧਾਨਗੀ ਵਾਲੀ ਸੰਘੀ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਗਿਆ ਹੈ।

ਇਸ ਦੇ ਨਾਲ ਹੀ ਇਸ ਗੱਲ 'ਤੇ ਬਹਿਸ ਛਿੜ ਗਈ ਹੈ ਕਿ ਕੀ ਇਸਲਾਮ ਸਬਸਿਡੀ ਵਾਲੀ ਹੱਜ ਯਾਤਰਾ ਦੀ ਇਜਾਜ਼ਤ ਦਿੰਦਾ ਹੈ। 'ਦਿ ਨਿਊਜ਼' ਨੇ ਕਾਦਰੀ ਦੇ ਹਵਾਲੇ ਨਾਲ ਮੰਗਲਵਾਰ ਨੂੰ ਕਿਹਾ ਕਿ ਪਿਛਲੀ ਪੀਐੱਮਐੱਲ-ਐੱਨ ਸਰਕਾਰ ਹਰ ਯਾਤਰੀ ਨੂੰ 42-42 ਹਜ਼ਾਰ ਰੁਪਏ ਦੀ ਸਬਸਿਡੀ ਦਿੰਦੀ ਸੀ, ਇਸ ਨਾਲ ਮਾਲੀਏ 'ਤੇ 450 ਕਰੋੜ ਰੁਪਏ ਦਾ ਵਾਧੂ ਬੋਝ ਪੈਂਦਾ ਸੀ। ਦੇਸ਼ ਦੇ ਮੌਜੂਦਾ ਆਰਥਿਕ ਹਾਲਾਤ ਨੂੰ ਧਿਆਨ 'ਚ ਰੱਖਦਿਆ ਸੰਘੀ ਕੈਬਨਿਟ ਨੇ ਇਸ ਸਬਸਿਡੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਇਸ ਸਾਲ 1,84,000 ਪਾਕਿਸਤਾਨੀ ਨਾਗਰਿਕ ਹੱਜ ਯਾਤਰਾ ਕਰਨਗੇ। ਇਨ੍ਹਾਂ 'ਚੋਂ 1,07,000 ਲੋਕ ਸਰਕਾਰੀ ਕੋਟੇ ਤੋਂ ਜਦਕਿ ਬਾਕੀ ਨਿੱਜੀ ਕੋਟੇ ਤੋਂ ਹੱਜ ਯਾਤਰਾ 'ਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰੁਪਏ ਦੇ ਡਿੱਗਣ ਤੇ ਸਾਊਦੀ ਅਰਬ ਸਰਕਾਰ ਵੱਲੋਂ ਵੈਟ ਲਗਾਏ ਜਾਣ ਕਾਰਨ ਹੱਜ ਯਾਤਰਾ 'ਤੇ ਖ਼ਰਚ ਵਧ ਗਿਆ ਹੈ।