ਜੇਐੱਨਐੱਨ, ਰਾਜੌਰੀ : ਪਾਕਿਸਤਾਨੀ ਫ਼ੌਜ ਨੇ ਮੰਗਲਵਾਰ ਨੂੰ ਕੰਟਰੋਲ ਰੇਖਾ (ਐੱਲਓਸੀ) 'ਤੇ ਰਾਜੌਰੀ ਦੇ ਲਾਮ ਸੈਕਟਰ ਵਿਚ ਭਾਰੀ ਗੋਲ਼ਾਬਾਰੀ ਕੀਤੀ ਜਿਸ ਵਿਚ ਭਾਰਤੀ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਦੇਰ ਸ਼ਾਮ ਤਕ ਦੋਵਾਂ ਪਾਸਿਆਂ ਤੋਂ ਗੋਲ਼ਾਬਾਰੀ ਜਾਰੀ ਰਹੀ। ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ 'ਚ ਸਰਹੱਦ ਪਾਰ ਨੁਕਸਾਨ ਹੋਣ ਦੀ ਸੂਚਨਾ ਹੈ। ਹਾਲਾਂਕਿ ਇਸ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ ਪੰਜ ਵਜੇ ਪਾਕਿਸਤਾਨੀ ਫ਼ੌਜ ਨੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲ਼ਾਬਾਰੀ ਵਿਚ ਲਾਮ ਸੈਕਟਰ ਵਿਚ ਇਕ ਅਗਲੇਰੀ ਚੌਕੀ 'ਤੇ ਤਾਇਨਾਤ ਫ਼ੌਜ ਦਾ ਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਤੁਰੰਤ ਫ਼ੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਭਾਰਤੀ ਫ਼ੌਜ ਨੇ ਵੀ ਪਾਕਿਸਤਾਨੀ ਫ਼ੌਜ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸੂਤਰਾਂ ਅਨੁਸਾਰ ਇਸ ਸੈਕਟਰ ਵਿਚ ਬਰਫ਼ਬਾਰੀ ਨਹੀਂ ਹੁੰਦੀ ਹੈ ਅਤੇ ਘੁਸਪੈਠ ਲਈ ਅੱਤਵਾਦੀ ਪਹਿਲੇ ਵੀ ਕਈ ਵਾਰ ਇਸ ਸੈਕਟਰ ਦੀ ਵਰਤੋਂ ਕਰ ਚੁੱਕੇ ਹਨ। ਮੰਗਲਵਾਰ ਨੂੰ ਵੀ ਪਾਕਿਸਤਾਨੀ ਫ਼ੌਜ ਇਸ ਗੋਲ਼ਾਬਾਰੀ ਦੀ ਆੜ ਹੇਠ ਅੱਤਵਾਦੀਆਂ ਦੇ ਗਰੁੱਪ ਨੂੰ ਭਾਰਤੀ ਖੇਤਰ ਵਿਚ ਦਾਖ਼ਲ ਕਰਵਾਉਣ ਦਾ ਯਤਨ ਕਰ ਰਹੀ ਸੀ ਜਿਸ ਨੂੰ ਸਰਹੱਦ 'ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।

ਪੁਣਛ ਦੇ ਜੰਗਲਾਂ 'ਚ ਤਲਾਸ਼ੀ ਮੁਹਿੰਮ

ਪੁਣਛ ਦੇ ਖਨੇਤਰ ਅਤੇ ਭਗਨਾੜ ਪਿੰਡ ਦੇ ਜੰਗਲਾਂ ਵਿਚ ਮੰਗਲਵਾਰ ਸਵੇਰੇ ਫ਼ੌਜ ਦੀ ਰਾਸ਼ਟਰੀ ਰਾਈਫਲ ਬਟਾਲੀਅਨ ਅਤੇ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਦੱਸਿਆ ਜਾ ਰਿਹਾ ਹੈ ਕਿ ਪੇਂਡੂਆਂ ਨੇ ਜੰਗਲੀ ਇਲਾਕਿਆਂ ਵਿਚ ਸ਼ੱਕੀ ਲੋਕਾਂ ਨੂੰ ਦੇਖਿਆ ਸੀ ਜਿਸ ਪਿੱਛੋਂ ਫ਼ੌਜ ਅਤੇ ਪੁਲਿਸ ਨੇ ਇਹ ਤਲਾਸ਼ੀ ਮੁਹਿੰਮ ਚਲਾਈ।